ਐੱਸ. ਏ. ਐੱਸ. ਨਗਰ, 6 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਾਬ ਸਰਕਾਰ ਤੋਂ ਵਿੱਦਿਅਕ ਸੈਸ਼ਨ 2026-27 'ਚ 8ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਸੁਚਾਰੂ ਤੇ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਰਕਾਰੀ ਸਕੂਲਾਂ ਵਿਚ 8ਵੀਂ ਸ਼ੇ੍ਰਣੀ 'ਚ ਪੜ੍ਹਦੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਫ਼ੀਸ ਲਈ 24 ਕਰੋੜ ਰੁ. ਦੇ ਬਜਟ ਦੀ ਮੰਗ ਕੀਤੀ ਗਈ ਹੈ, ਜਦਕਿ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ 8ਵੀਂ ਸ਼੍ਰੇਣੀ ਵਿਚ ਪੜ੍ਹਦੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਫ਼ੀਸ ਲਈ 3.5 ਕਰੋੜ ਰੁ. ਦਾ ਬਜਟ ਰੱਖਿਆ ਗਿਆ ਹੈ | ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਨੂੰ ਸੈਸ਼ਨ 2026-27 'ਚ 8ਵੀਂ ਸ਼੍ਰੇਣੀ ਵਿਚ ਸਰਕਾਰੀ ਸਕੂਲਾਂ ਦੇ 2 ਲੱਖ ਪ੍ਰੀਖਿਆਰਥੀਆਂ ਦੇ ਅਪੀਅਰ ਹੋਣ ਦਾ ਅਨੁਮਾਨ ਹੈ | ਪੰਜਾਬ ਸਰਕਾਰ ਵੱਲ ਖੜ੍ਹੀ 5 ਅਰਬ ਤੋਂ ਵਧੇਰੇ ਦੀ ਬਕਾਇਆ ਰਾਸ਼ੀ ਸਿੱਖਿਆ ਬੋਰਡ ਨੂੰ ਨਾ ਮਿਲਣ ਕਾਰਨ ਬੋਰਡ ਦੇ ਵਿੱਤੀ ਹਾਲਤ ਠੀਕ ਨਹੀਂ ਹੈ |