ਚੰਡੀਗੜ੍ਹ, 6 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਬੇਮੌਸਮੀ ਭਾਰੀ ਬਾਰਿਸ਼ ਅਤੇ ਗੜਿ੍ਹਆਂ ਕਾਰਨ ਫ਼ਸਲਾਂ ਦੇ ਨੁਕਸਾਨ ਨਾਲ ਜੂਝ ਰਹੇ ਕਿਸਾਨਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ | ਵੜਿੰਗ ਨੇ ਕਿਹਾ ਕਿ ਪੰਜਾਬ ਦੇ ਵੱਡੇ ਹਿੱਸੇ, ਖ਼ਾਸ ਕਰਕੇ ਮਾਲਵਾ ਖੇਤਰ ਵਿਚ ਭਾਰੀ ਬਾਰਿਸ਼ ਅਤੇ ਗੜੇ੍ਹਮਾਰੀ ਹੋਈ ਹੈ, ਜਿਸ ਨੇ ਪੱਕੀ ਹੋਈ ਕਣਕ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਨੁਕਸਾਨ ਇਸ ਕਦਰ ਹੈ ਕਿ ਇਹ ਫ਼ਸਲ ਪਸ਼ੂਆਂ ਦੇ ਚਾਰੇ ਵਜੋਂ ਵੀ ਵਰਤਣ ਯੋਗ ਨਹੀਂ ਰਹੀ | ਉਨ੍ਹਾਂ ਕਿਹਾ ਕਿ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਚੌਹਾਨ ਨੂੰ ਚਿੱਠੀ ਲਿਖੀ ਹੈ ਤੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਦਿੱਲੀ ਵਿਚ ਉਨ੍ਹਾਂ ਨਾਲ ਮੁਲਾਕਾਤ ਕਰਨਗੇ |