ਜਲੰਧਰ, 7 ਅਪ੍ਰੈਲ (ਸ਼ਿਵ)-ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਜਲੰਧਰ ਵਿਚ ਨਿਰਮਾਣ ਅਧੀਨ ਰਿੰਗ ਰੋਡ ਪ੍ਰਾਜੈਕਟ ਦਾ ਨਿਰੀਖਣ ਕੀਤਾ | ਉਨ੍ਹਾਂ ਨੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਨਿਰਮਾਣ ਕਾਰਜ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਅਤੇ ਉੱਚ ਗੁਣਵੱਤਾ ਨਾਲ ਪੂਰਾ ਹੋਵੇ | ਇਸ ਮੌਕੇ ਸੁਸ਼ੀਲ ਰਿੰਕੂ ਨੇ ਕਿਹਾ ਕਿ ਇਸ ਲਗਭਗ 46 ਕਿੱਲੋਮੀਟਰ ਲੰਬਾ ਰਿੰਗ ਰੋਡ ਦਾ ਨਿਰਮਾਣ ਜਲੰਧਰ ਦੇ ਨਾਲ ਹੀ ਅੰਮਿ੍ਤਸਰ, ਕਪੂਰਥਲਾ, ਜੰਮੂ ਤੇ ਫਗਵਾੜਾ ਜਾਣ ਵਾਲੇ ਯਾਤਰੀਆਂ ਨੂੰ ਕਾਫ਼ੀ ਸਹੂਲਤ ਪ੍ਰਦਾਨ ਕਰੇਗਾ | ਇਸ ਨਾਲ ਸ਼ਹਿਰ ਦੇ ਅੰਦਰ ਆਵਾਜਾਈ ਦੀ ਭੀੜ ਘੱਟ ਹੋਵੇਗੀ ਅਤੇ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ | ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰਾਜੈਕਟ ਦੀ ਕੁੱਲ ਲਾਗਤ ਲਗਭਗ 2,167 ਕਰੋੜ ਹੈ, ਜਿਸ ਵਿਚੋਂ ਲਗਭਗ 1,365 ਕਰੋੜ ਨਿਰਮਾਣ 'ਤੇ ਖ਼ਰਚ ਕੀਤੇ ਜਾਣਗੇ, ਜਦੋਂਕਿ ਲਗਭਗ 790 ਕਰੋੜ ਜ਼ਮੀਨ ਪ੍ਰਾਪਤੀ ਲਈ ਰੱਖੇ ਗਏ ਹਨ | ਰਿੰਕੂ ਨੇ ਅੱਗੇ ਕਿਹਾ ਕਿ ਰਿੰਗ ਰੋਡ 'ਤੇ ਛੇ ਮੁੱਖ ਪੁਆਇੰਟ ਸਥਾਪਤ ਕੀਤੇ ਗਏ ਹਨ, ਜਿਸ ਨਾਲ ਰਿੰਗ ਰੋਡ ਤੱਕ ਆਸਾਨੀ ਨਾਲ ਪਹੁੰਚ ਕੀਤੀ ਜਾ ਸਕਦੀ ਹੈ | ਇਨ੍ਹਾਂ ਪੁਆਇੰਟਾਂ ਵਿਚ ਸਰਾਏ ਖ਼ਾਸ, ਈਸਟ ਵੱਲ ਵਿਲੇਜ, ਕੰਗ ਸਾਬੂ ਤੇ ਜਲੰਧਰ-ਅੰਮਿ੍ਤਸਰ ਰੋਡ 'ਤੇ ਫੋਲੜੀਵਾਲ, ਪਠਾਨਕੋਟ ਰੋਡ 'ਤੇ ਰਾਏਪੁਰ ਰਸੂਲਪੁਰ ਅਤੇ ਹੁਸ਼ਿਆਰਪੁਰ ਰੋਡ 'ਤੇ ਮਦਾਰਾਂ ਸ਼ਾਮਿਲ ਹਨ, ਜੋ ਆਵਾਜਾਈ ਦੇ ਪ੍ਰਵਾਹ ਨੂੰ ਹੋਰ ਸੌਖਾ ਬਣਾਉਣਗੇ | ਇਸ ਮੌਕੇ ਸ਼ਾਂਤਨੂ ਉਪਾਧਿਆਇ ਡਿਪਟੀ ਮੈਨੇਜਰ, ਨਸੀਬ ਠਾਕੁਰ (ਸਾਈਟ ਇੰਜੀਨੀਅਰ, ਰਾਜ ਕੁਮਾਰ ਤਿਆਗੀ (ਪ੍ਰਾਜੈਕਟ ਮੈਨੇਜਰ) ਦੇ ਨਾਲ ਦਵਿੰਦਰ ਮਹਿੰਦੀਰੱਤਾ, ਸੰਨ੍ਹੀ ਬਤਰਾ, ਤਰੁਨ ਬਠਲਾ ਅਤੇ ਪਾਰੁਲ ਅਰੋੜਾ ਵੀ ਮੌਜੂਦ ਸਨ |
46 ਕਿਲੋਮੀਟਰ ਲੰਬਾ ਰਿੰਗ ਰੋਡ ਕਈ ਜ਼ਿਲਿ੍ਹਆਂ ਦੇ ਲੋਕਾਂ ਲਈ ਹੋਵੇਗਾ ਵਰਦਾਨ-ਸੁਸ਼ੀਲ ਰਿੰਕੂ
ਅਜੀਤ ਡੈਸਕ
08-04-2026