ਆਲਮਗੀਰ, 8 ਅਪ੍ਰੈਲ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਨੇ ਆਪਣੇ 70ਵੇਂ ਸਥਾਪਨਾ ਦਿਵਸ ਨੂੰ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ | ਇਹ ਜਸ਼ਨ ਸਥਾਪਨਾ ਦਿਵਸ ਦੌਰਾਨ ਸੰਸਥਾ ਦੀ ਅਕਾਦਮਿਕ ਉੱਤਮਤਾ, ਨਵੀਨਤਾ ਅਤੇ ਸਮਾਜ ਦੀ ਸੇਵਾ ਵਿਚ ਪਾਏ ਅਹਿਮ ਯੋਗਦਾਨ ਨੂੰ ਸਮਰਪਿਤ ਰਿਹਾ | ਇਸ ਸਮਾਗਮ ਵਿਚ ਉਚੇਚੇ ਤੌਰ 'ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਮਾਣਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਟਿਕਾਊ ਅਤੇ ਨਵੀਨਤਮ ਟੈਕਨਾਲੋਜੀਆਂ ਦਾ ਪ੍ਰਯੋਗ ਕਰਦਿਆਂ ਵਿਸ਼ਵ ਪੱਧਰੀ ਚੁਣੌਤੀਆਂ ਦਾ ਸਾਹਮਣਾ ਕਰਕੇ ਉਨ੍ਹਾਂ ਦੇ ਸੌਖੇ ਸਮਾਧਾਨ ਲੱਭਣ ਲਈ ਪ੍ਰੇਰਿਤ ਕੀਤਾ | ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐਸ.ਜੀ.ਪੀ.ਸੀ. ਅਤੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਨੇ ਵਿਦਿਆਰਥੀਆਂ ਨੂੰ ਤਕਨੀਕੀ ਕਾਬਲਿਅਤ ਦੇ ਨਾਲ ਮਨੁੱਖੀ ਕਦਰਾਂ ਕੀਮਤਾਂ ਅਤੇ ਸਿਧਾਂਤ ਅਧਾਰਿਤ ਸਿੱਖਿਆ ਦੀ ਜ਼ਿੰਦਗੀ ਵਿਚ ਅਹਿਮ ਮਹੱਤਤਾ ਬਾਰੇ ਦੱਸਿਆ | ਮਹੇਸ਼ਇੰਦਰ ਸਿੰਘ ਗਰੇਵਾਲ ਸਾਬਕਾ ਕੈਬਨਿਟ ਮੰਤਰੀ ਅਤੇ ਟਰੱਸਟੀ ਐਨ.ਐੱਸ.ਈ.ਟੀ. ਨੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਤਕਨੀਕੀ ਨਵੀਨਤਾ ਲਿਆ ਇਕ ਵਧੀਆ ਤੇ ਪ੍ਰਭਾਵਸ਼ਾਲੀ ਇੰਟਰਪ੍ਰੀਨਿਓਰ ਬਣਨ ਲਈ ਉਤਸ਼ਾਹਿਤ ਕੀਤਾ | ਸ਼ਰਨਜੀਤ ਸਿੰਘ ਢਿੱਲੋਂ, ਗੁਰਚਰਨ ਸਿੰਘ ਗਰੇਵਾਲ ਅਤੇ ਬਲਜੀਤ ਸਿੰਘ ਟਰੱਸਟੀ ਨੇ ਪਿਛਲੇ ਸੱਤ ਦਹਾਕਿਆਂ ਵਿਚ ਸੰਸਥਾ ਵਲੋਂ ਤਕਨੀਕੀ ਸਿੱਖਿਆ ਵਿਚ ਦਿੱਤੇ ਅਣਮੁੱਲੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ | ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਓਾਕਾਰ ਸਿੰਘ ਪਾਹਵਾ, ਉਪਕਾਰ ਸਿੰਘ ਆਹੁਜਾ, ਰਣਜੋਧ ਸਿੰਘ ਜੀ.ਐਸ. ਅਤੇ ਜੀ. ਐਸ. ਕੁਲਾਰ ਨੇ ਵੀ ਉਚੇਚੇ ਤੌਰ 'ਤੇ ਹਾਜ਼ਰੀ ਭਰੀ | ਸ਼ਾਹਬਾਜ਼ ਸਿੰਘ ਸੈਕਟਰੀ ਐਨ.ਐੱਸ.ਈ.ਟੀ, ਇਕਬਾਲ ਸਿੰਘ ਡਾਇਰੈਕਟਰ ਨਨਕਾਣਾ ਸਾਹਿਬ ਐਜੂਕੇਸ਼ਨ ਟਰਸਟ, ਹਰਿੰਦਰ ਸਿੰਘ ਢਿੱਲੋਂ ਨੇ ਸੰਸਥਾ ਦੀ ਚੜ੍ਹਦੀ ਕਲਾ ਵਿਚ ਸਾਬਕਾ ਵਿਦਿਆਰਥੀਆਂ ਦੇ ਅਹਿਮ ਯੋਗਦਾਨ ਬਾਰੇ ਚਾਨਣਾ ਪਾਇਆ | ਇਸ ਮੌਕੇ 10 ਪ੍ਰਮੁੱਖ ਐਲੂਮਨੀਆਂ ਨੂੰ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਦਕਿ 11 ਫੈਕਲਟੀ ਮੈਂਬਰਾਂ ਅਤੇ 5 ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਵਿਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਨਮਾਨਿਤ ਕੀਤਾ | ਇਸ ਮੌਕੇ ਡਾ. ਸਹਿਜਪਾਲ ਸਿੰਘ ਪਿ੍ੰਸੀਪਲ ਨੇ ਕਿਹਾ ਕਿ 70 ਸਾਲ ਨਿਰੰਤਰ ਤਕਨੀਕੀ ਖੇਤਰ ਵਿਚ ਝੰਡੇ ਗੱਡਣ ਤੋਂ ਬਾਅਦ ਹੁਣ ਆਉਣ ਵਾਲੇ ਸਮੇਂ ਵਿਚ ਵੀ ਜੀਐਨਈ ਨਵੀਨਤਮ ਪ੍ਰੈਕਟੀਕਲ ਉੱਦਮਤਾ, ਇੰਟਰਪ੍ਰੀਨਿਓਰਸਪਿ ਵਰਗੇ ਗੁਰ ਵਿਦਿਆਰਥੀਆਂ ਨੂੰ ਵੰਡਣ ਵਿਚ ਆਪਣੀ ਵਚਨਬੱਧਤਾ ਉੱਤੇ ਖਰਾ ਉਤਰਦਾ ਰਹੇਗਾ |