ਮੋਗਾ, 11 ਅਪ੍ਰੈਲ (ਸੁਰਿੰਦਰਪਾਲ ਸਿੰਘ)-ਡੁੱਬਦੀ ਜਾ ਰਹੀ ਕਿਸਾਨੀ ਨੂੰ ਬਚਾਉਣ ਲਈ ਅਤੇ ਖੇਤੀਬਾੜੀ ਸਹਾਇਕ ਧੰਦਿਆਂ ਨੂੰ ਲਾਹੇਵੰਦ ਬਣਾਉਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਮੋਗਾ ਵਿਖੇ ਕਿਸਾਨ ਬੁੱਧੀਜੀਵੀ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਵਿਚ ਪੰਜਾਬ ਭਰ ਤੋਂ ਕਿਸਾਨ ਮਜ਼ਦੂਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਇਸ ਵਿਚਾਰ ਗੋਸ਼ਟੀ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਸਟੇਜ ਦੀ ਕਾਰਵਾਈ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਭੋਲਾ ਨੇ ਚਲਾਈ | ਉਨ੍ਹਾਂ ਕਿਹਾ ਕਿ ਕਿਸਾਨ ਤੇ ਬੁੱਧੀਜੀਵੀ ਵਿਚਾਰ ਗੋਸ਼ਟੀ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਕੇਸ਼ ਟਿਕੈਤ, ਬੁੱਧੀਜੀਵੀ ਡਾ. ਪਿਆਰੇ ਲਾਲ ਗਰਗ ਤੇ ਅਵਤਾਰ ਸਿੰਘ ਮਹਿਲੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਸੰਬੋਧਨ ਕੀਤਾ | ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ ਅੱਜ ਦੀ ਸੂਬਾ ਪੱਧਰੀ ਵਿਚਾਰ ਗੋਸ਼ਟੀ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਪੰਜਾਬ ਪੱਧਰੀ ਮੀਟਿੰਗ ਹੋਈ | ਇਸ ਮੌਕੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਤੇ ਆਗੂਆਂ ਨੇ ਕਿਹਾ ਹੈ ਕਿ ਜੋ ਗੜੇਮਾਰੀ ਨਾਲ ਨੁਕਸਾਨ ਹੋਇਆ ਉਸ ਦਾ ਸਰਕਾਰ ਪ੍ਰਤੀ ਏਕੜ 50,000 ਮੁਆਵਜ਼ਾ ਦੇਵੇ, ਸਰਕਾਰ ਹਰੇਕ ਘਰ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਾਏ ਅਤੇ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ ਕਰੇ, ਦਰਿਆਵਾਂ ਦੇ ਸਾਰੇ ਬੰਨ੍ਹ ਪੱਕੇ ਕੀਤੇ ਜਾਣ ਤੇ ਰੀਚਾਰਜ ਪੁਆਇੰਟ ਬਣਾਏ ਜਾਣ, ਜੋ ਸਰਕਾਰ ਜ਼ਮੀਨ ਐਕੁਆਇਰ ਕਰ ਰਹੀ ਹੈ ਆਪਣੇ ਕੰਮਾਂ ਵਿਚ ਵਰਤਣ ਲਈ ਇਨ੍ਹਾਂ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ | ਇਸ ਮਹਾਂ ਵਿਚਾਰ ਗੋਸ਼ਟੀ ਮੌਕੇ ਸੂਬਾ ਆਗੂ ਪ੍ਰੀਤਮ ਸਿੰਘ ਬਾਘਾ ਪੁਰਾਣਾ, ਹਰਮਿੰਦਰ ਸਿੰਘ ਖਹਿਰਾ, ਬਲਦੇਵ ਸਿੰਘ ਪੂਨੀਆ, ਜਸਵੰਤ ਸਿੰਘ, ਸਰੂਪ ਸਿੰਘ ਰਾਮਾ, ਮੰਦਰਜੀਤ ਸਿੰਘ ਮਨਾਵਾਂ (ਸਾਰੇ ਜ਼ਿਲ੍ਹਾ ਪ੍ਰਧਾਨ), ਮੁਖਤਿਆਰ ਸਿੰਘ ਦੀਨਾ ਸਾਹਿਬ, ਇਕਬਾਲ ਸਿੰਘ ਗਲੋਟੀ, ਗੁਰਜੰਟ ਸਿੰਘ ਗਗੜਾ, ਸੂਰਤ ਸਿੰਘ ਕਾਦਰ ਵਾਲਾ, ਸਾਬ ਸਿੰਘ ਬੋਗੇਵਾਲਾ ਮੋਹਨ ਸਿੰਘ ਜੀਂਦੜਾ, ਗੁਲਜ਼ਾਰ ਸਿੰਘ ਘੱਲ ਕਲਾਂ, ਹਰਨੇਕ ਸਿੰਘ ਫ਼ਤਿਹਗੜ੍ਹ, ਕਿਰਨਪਾਲ ਸਿੰਘ ਚੁਗਾਵਾਂ, ਲਖਵਿੰਦਰ ਸਿੰਘ ਰੌਲੀ, ਹਰਜੀਤ ਸਿੰਘ ਸੋਢੀ, ਨਿਰਮਲ ਸਿੰਘ ਭਲੂਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮੁੱਚੇ ਪੰਜਾਬ ਦੇ ਕਿਸਾਨ ਆਗੂ ਹਾਜ਼ਰ ਸਨ |
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਮੋਗਾ ਵਿਖੇ ਸੂਬਾ ਪੱਧਰੀ ਵਿਚਾਰ ਗੋਸ਼ਟੀ
ਅਜੀਤ ਡੈਸਕ
12-04-2026