ਅੰਮਿ੍ਤਸਰ, 11 ਅਪ੍ਰੈਲ (ਜਸਵੰਤ ਸਿੰਘ ਜੱਸ)-ਪੰਜਾਬ ਕੈਬਨਿਟ ਵਲੋਂ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ 2026' ਨੂੰ ਪ੍ਰਵਾਨ ਕੀਤੇ ਜਾਣ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਇਸ ਸੰਬੰਧੀ ਮੀਡੀਆ ਨੂੰ ਦਿੱਤੀ ਜਾਣਕਾਰੀ ਅਸਪੱਸ਼ਟਤਾ ਵਾਲੀ ਹੈ | ਦੇਰ ਸ਼ਾਮ ਜਾਰੀ ਬਿਆਨ ਵਿਚ ਪ੍ਰਧਾਨ ਧਾਮੀ ਨੇ ਕਿਹਾ ਕਿ ਇੰਜ ਲਗਦਾ ਹੈ ਕਿ ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿੱਲ ਬਾਰੇ ਕੈਬਨਿਟ ਮੰਤਰੀ ਚੀਮਾ ਨੂੰ ਖੁਦ ਵੀ ਪੂਰੀ ਜਾਣਕਾਰੀ ਨਹੀਂ | ਧਾਮੀ ਨੇ ਕਿਹਾ ਕਿ ਸ. ਚੀਮਾ ਦੀ ਸ਼੍ਰੋਮਣੀ ਕਮੇਟੀ ਬਾਰੇ ਕੀਤੀ ਟਿੱਪਣੀ ਵੀ ਤੱਥਾਂ ਤੋਂ ਕੋਹਾਂ ਦੂਰ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਅਸਪੱਸ਼ਟਤਾ ਕਾਰਨ ਹੀ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਇਸਦੇ ਖਰੜੇ ਨੂੰ ਜਨਤਕ ਕਰਨ ਦੀ ਮੰਗ ਕਰ ਰਹੀਆਂ ਹਨ |