ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>
ਅਜੀਤ ਡੈਸਕ
14-04-2026
ਪੰਜਾ ਸਾਹਿਬ, 13 ਅਪ੍ਰੈਲ-ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਭਾਰਤ ਤੋਂ ਪਹੁੰਚੇ ਸ਼ਰਧਾਲੂਆਂ ਦੇ ਜਥੇ ਦੀਆਂ ਸ਼ਾਮਿਲ ਸੰਗਤਾਂ ਨੇ ਅਦਬ ਸਹਿਤ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ | ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਬਾਰ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਾਹਿਬ ਦੀਆਂ ਪ੍ਰਕਰਮਾ ਕਰਦਿਆਂ ਗੁਰਬਾਣੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਗਾਇਨ ਕਰਦਿਆਂ ਸਮਾਪਤ ਹੋਇਆ |
ਨਨਕਾਣਾ ਸਾਹਿਬ ਤੋਂ ਸੰਗਤਾਂ ਗੁਰਦੁਆਰਾ ਸੱਚਾ ਸੌਦਾ ਵਿਖੇ ਪਹੁੰਚੀਆਂ
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪੰਜਾ ਸਾਹਿਬ ਨੂੰ ਜਾਂਦੇ ਹੋਏ ਰਸਤੇ ਵਿਚ ਫਰੂਕਾਬਾਦ ਚੂੜਕਾਣਾ ਵਿਖੇ ਗੁਰਦੁਆਰਾ ਸੱਚਾ ਸੌਦਾ ਵਿਖੇ ਸੰਗਤਾਂ ਨਤਮਸਤਕ ਹੋਈਆਂ | ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕੀਤੇ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਹੋਈਆਂ | ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘਾਂ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਇਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਨੇ ਗੁਰੂ ਜੀ ਨੂੰ ਸੰਸਾਰਕ ਕਾਰੋਬਾਰ ਸ਼ੁਰੂ ਕਰਨ ਲਈ 20 ਰੁਪਏ ਦਿੱਤੇ ਸਨ, ਜੋ ਉਸ ਸਮੇਂ ਦੀ ਬਹੁਤ ਵੱਡੀ ਰਾਸ਼ੀ ਸੀ | ਇਸ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਚੂੜਕਾਣੇ ਵਿਖੇ ਪਹੁੰਚੇ, ਜਿੱਥੇ ਪਿਤਾ ਜੀ ਵਲੋਂ ਮਿਲੀ ਰਾਸ਼ੀ ਨਾਲ ਰੱਬ ਦੀ ਬੰਦਗੀ ਵਾਲੇ ਸਾਧੂਆਂ ਨੂੰ ਲੰਗਰ ਛਕਾ ਕੇ ਖਰਾ ਸੌਦਾ ਕੀਤਾ ਅਤੇ ਸਿੱਖ ਧਰਮ 'ਚ ਲੰਗਰ ਦੀ ਪਰੰਪਰਾ ਕਾਇਮ ਕੀਤੀ | ਇਥੋਂ ਸੰਗਤਾਂ ਨੇ ਬੱਸਾਂ 'ਚ ਸਵਾਰ ਹੋ ਕੇ ਅਗਲੇ ਪੜਾ ਵੱਲ ਰਵਾਨਾ ਹੋਈਆਂ, ਇੱਥੇ ਸੰਗਤਾਂ ਦਾ ਪ੍ਰਸ਼ਾਸਨ ਵਲੋਂ ਸਵਾਗਤ ਕੀਤਾ ਗਿਆ |
ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪਵਿੱਤਰ ਸੰਗਰਾਂਦ ਦਾ ਦਿਹਾੜਾ ਮਨਾਇਆ
ਭਾਰਤ ਤੋਂ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਕਰਨ ਲਈ 10 ਅਪ੍ਰੈਲ ਨੂੰ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਸੀ, ਜਿੱਥੇ ਨਨਕਾਣਾ ਸਾਹਿਬ ਸਥਿਤ ਵੱਖ-ਵੱਖ ਗੁਰੂ ਘਰਾਂ ਵਿਚ ਨਤਮਸਤਕ ਹੁੰਦਿਆਂ ਸੰਗਤਾਂ ਨੇ ਦੋ ਦਿਨ ਦਾ ਠਹਿਰਾਓ ਕੀਤਾ | ਅੱਜ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਪਵਿੱਤਰ ਸੰਗਰਾਂਦ ਦਾ ਦਿਹਾੜਾ ਮਨਾਉਣ ਉਪਰੰਤ ਸ਼ਰਧਾਲੂਆਂ ਦਾ ਜਥਾ ਬੱਸਾਂ ਰਾਹੀਂ ਰਵਾਨਾ ਹੋਇਆ | ਇਸ ਮੌਕੇ ਪਹੁੰਚੀਆਂ ਸ਼ਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਕਿ ਦੋਹਾਂ ਦੇਸ਼ਾਂ ਵਿਚ ਵਪਾਰਕ ਅਤੇ ਭਾਈਚਾਰਕ ਸਾਂਝ ਕਾਇਮ ਹੋ ਸਕੇ |