ਭੁੱਚੋ ਮੰਡੀ, 14 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਨਜ਼ਦੀਕੀ ਪਿੰਡ ਚੱਕ ਬਖ਼ਤੂ ਵਿਖੇ ਨਸ਼ੇ ਦੇ ਆਦੀ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਮਿ੍ਤਕ ਦਾ ਵਿਆਹ ਡੇਢ ਕੁ ਸਾਲ ਪਹਿਲਾਂ ਹੀ ਹੋਇਆ ਸੀ ਅਤੇ ਉਸ ਦਾ 6 ਮਹੀਨਿਆਂ ਦਾ ਬੱਚਾ ਹੈ | ਮਿ੍ਤਕ ਦੀ ਪਤਨੀ ਕੋਮਲਪ੍ਰੀਤ ਕੌਰ ਅਨੁਸਾਰ ਉਸ ਦਾ ਪਤੀ ਅਰਸ਼ਦੀਪ ਸਿੰਘ (23) ਪੁੱਤਰ ਬੂਟਾ ਸਿੰਘ ਵਾਸੀ ਚੱਕ ਬਖ਼ਤੂ ਮੈਡੀਕਲ ਨਸ਼ੇ ਕਰਨ ਦਾ ਆਦੀ ਸੀ | ਬੀਤੇ ਦਿਨੀਂ ਅਚਾਨਕ ਉਸ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ | ਉਸ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਨਸ਼ੀਲੀਆਂ ਗੋਲੀਆਂ ਦਾ ਸੇਵਨ ਕਰਦਾ ਸੀ, ਜਿਸ ਤੋਂ ਸਪਸ਼ਟ ਹੋ ਗਿਆ ਹੈ ਕਿ ਇਲਾਕੇ ਵਿਚ ਇਹ ਮੈਡੀਕਲ ਨਸ਼ੇ ਆਸਾਨੀ ਨਾਲ ਉਪਲਬਧ ਹੁੰਦੇ ਹਨ | ਮਿ੍ਤਕ ਦੀ ਪਤਨੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੀ ਆਰਥਿਕ ਸਹਾਇਤਾ ਕੀਤੀ ਜਾਵੇ |