ਬਠਿੰਡਾ, 14 ਅਪ੍ਰੈਲ (ਵੀਰਪਾਲ ਸਿੰਘ)-ਅਮਰੀਕਾ-ਈਰਾਨ ਵਲੋਂ ਯੁੱਧ ਖ਼ਤਮ ਕਰਨ ਲਈ ਪਾਕਿਸਤਾਨ ਵਿਚ ਚੱਲੀ ਸਾਂਝੀ ਵਾਰਤਾ ਦੇ ਅਸਫ਼ਲ ਰਹਿਣ ਨਾਲ ਦੁਨੀਆਂ ਭਰ ਦੇ ਮੁਲਕਾਂ ਵਲੋਂ ਜੰਗਬੰਦੀ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਉਮੀਦਾਂ 'ਤੇ ਪਾਣੀ ਫ਼ਿਰ ਚੁੱਕਾ ਹੈ | ਅਮਰੀਕਾ ਅਤੇ ਇਜ਼ਰਾਇਲ ਵਲੋਂ ਈਰਾਨ ਨਾਲ ਸ਼ੁਰੂ ਕੀਤੀ ਹੋਈ ਜੰਗ ਆਉਣ ਵਾਲੇ ਦਿਨਾਂ ਵਿਚ ਭਿਆਨਕ ਰੂਪ ਧਾਰਨ ਕਰ ਸਕਦੀ ਹੈ | 28 ਫਰਵਰੀ ਨੂੰ ਸ਼ੁਰੂ ਹੋਈ ਜੰਗ ਦੌਰਾਨ ਅਮਰੀਕਾ ਇਜ਼ਰਾਇਲ, ਈਰਾਨ ਦੇ 5000 ਤੋਂ ਵੱਧ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ | ਜਿਸ ਵਿਚ ਈਰਾਨ ਦੇ ਮੁੱਖੀ ਲੀਡਰਾਂ ਦੇ ਨਾਲ ਉੱਚ ਫੌਜੀ ਅਧਿਕਾਰੀ ਸ਼ਾਮਿਲ ਹਨ | 28 ਫਰਵਰੀ ਨੂੰ ਸ਼ੁਰੂ ਹੋਈ ਜੰਗ ਤੋਂ ਬਾਅਦ ਦੁਨੀਆਂ ਭਰ ਦੇ ਮੁਲਕਾਂ ਵਿਚ ਵੱਡਾ ਊਰਜਾ ਸੰਕਟ ਖੜਾ ਹੋ ਚੁੱਕਾ ਹੈ | ਖਾੜੀ ਦੇਸ਼ਾਂ ਵਿਚ ਤੇਲ ਉਤਪਾਦਨ ਘੱਟ ਹੋਣ ਅਤੇ ਈਰਾਨ ਵਲੋਂ ਸਟੇਟ ਆਫ਼ ਹੌਰਮੁਜ਼ ਸਮੁੰਦਰੀ ਰਸਤੇ ਨੂੰ ਬੰਦ ਕੀਤੇ ਜਾਣ ਨਾਲ ਏਸ਼ੀਆ ਦੀਆਂ ਤੇਲ ਕੰਪਨੀਆਂ ਨੂੰ ੂ ਅੱਜ ਤੱਕ 8800 ਕਰੋੜ ਦਾ ਘਾਟਾ ਪੈ ਚੁੱਕਾ | ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਣ ਕਾਰਨ ਕੀਮਤਾਂ 110 ਡਾਲਰ ਪ੍ਰਤੀ ਬੈਰਲ ਤੋਂ ਪਾਰ ਕਰ ਗਈਆਂ ਹਨ | ਅਮਰੀਕਾ-ਈਰਾਨ ਵਿਚ ਚੱਲੀ ਸਾਂਝੀ ਵਾਰਤਾ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ 94 ਡਾਲਰ ਪ੍ਰਤੀ ਬੈਰਲ ਰਹਿ ਗਈਆਂ ਸਨ | ਸਾਂਝੀਵਾਰਤਾ ਬੇਸਿੱਟਾ ਰਹਿਣ ਤੋਂ ਬਾਅਦ 24 ਘੰਟਿਆਂ ਦੌਰਾਨ ਕੱਚੇ ਤੇਲ ਦਾ ਭਾਅ 106 ਡਾਲਰ ਪ੍ਰਤੀ ਬੈਰਲ ਤੱਕ ਪੁੱਜ ਗਿਆ | ਕੱਚੇ ਤੇਲ ਦੇ ਵੱਧ ਭਾਅ ਕਾਰਨ ਏਸ਼ੀਆ ਦੀਆਂ ਤੇਲ ਕੰਪਨੀਆਂ ਨੂੰ ਰੋਜ਼ਾਨਾ 2000 ਕਰੋੜ ਦਾ ਘਾਟਾ ਪੈ ਰਿਹਾ ਹੈ | ਤੇਲ ਕੰਪਨੀਆਂ ਨੂੰ ਡੀਜ਼ਲ 'ਚ 36 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ ਵਿਚ 17 ਰੁਪਏ ਪ੍ਰਤੀ ਲੀਟਰ ਦਾ ਘਾਟਾ ਪੈ ਰਿਹਾ | ਦੁਨੀਆਂ ਭਰ ਵਿਚ ਤੇਲ ਦੀਆਂ ਕੀਮਤਾਂ 20 ਫੀਸਦੀ ਤੋਂ 35 ਫੀਸਦੀ ਤੱਕ ਵੱਧ ਗਈਆਂ ਹਨ | ਰੱਖਿਆ ਮਾਹਿਰਾਂ ਅਨੁਸਾਰ ਜੇਕਰ ਜੰਗਬੰਦੀ ਨਾ ਹੋਈ ਤਾਂ ਆਉਣ ਵਾਲੇ ਸਮੇਂ ਵਿਚ ਦੁਨੀਆਂ ਭਰ ਦੇ ਮੁਲਕਾਂ ਵਿਚ ਮਹਿੰਗਾਈ ਦੀ ਮਾਰ ਪੈ ਸਕਦੀ | ਖਾੜੀ ਦੇਸ਼ਾਂ ਵਿਚ ਜੰਗ ਦੌਰਾਨ 4.50 ਫੀਸਦੀ ਮਹਿੰਗਾਈ ਵੱਧ ਗਈ ਹੈ | ਈਰਾਨ ਵਿਚ 4 ਮੈਂਬਰਾਂ ਦੇ ਪਰਿਵਾਰ ਵਾਲੇ ਘਰਾਂ ਦਾ ਖਰਚਾ 5 ਕਰੋੜ ਤੱਕ ਪੁੱਜ ਗਿਆ | ਈਰਾਨ ਦਾ ਇਕ ਕਰੋੜ ਭਾਰਤ ਦੇ 713 ਰੁਪਏ ਦੇ ਬਰਾਬਰ ਹੈ | ਜੰਗ ਦੌਰਾਨ ਦੁਨੀਆਂ ਭਰ ਦੇ ਮੁਲਕਾਂ ਦਾ ਤੇਲ ਸਪਲਾਈ ਟੁੱਟਣ ਦੇ ਨਾਲ ਖਾਦ ਪਦਾਰਥਾਂ ਦੀ ਆਯਾਤ ਨਿਰਯਾਤ ਪ੍ਰਭਾਵਿਤ ਹੋ ਚੁੱਕੀ ਹੈ, ਜਿਸ 'ਚ ਬਹੁਤ ਸਾਰੀ ਉਦਯੋਗਿਕ ਇਕਾਈਆਂ ਆਪਣੇ-ਆਪ ਬਚਾਈ ਰੱਖਣ ਲਈ ਮੁਸ਼ਕਿਲ ਦੌਰ ਵਿਚੋਂ ਲੰਘਣਾ ਪੈ ਰਿਹਾ ਹੈ | ਆਉਣ ਵਾਲੇ ਦਿਨਾਂ ਵਿਚ ਦੁਨੀਆਂ ਭਰ ਦੀਆਂ ਬਹੁਤ ਸਾਰੀਆਂ ਉਦਯੋਗਿਕ ਇਕਾਈਆਂ ਬੰਦ ਹੋ ਸਕਦੀਆਂ ਹਨ | ਜਿਸ ਨਾਲ ਦੁਨੀਆਂ ਵਿਚ ਬੇਰੁਜ਼ਗਾਰੀ ਵੱਧਣ ਦੇ ਆਸਾਰ ਬਣਨਗੇ | ਇਸ ਨਾਲ ਦੁਨੀਆਂ ਮਹਿੰਗਾਈ ਦੀ ਤੇਜ਼ ਰਫ਼ਤਾਰ ਨਾਲ ਵੱਧ ਸਕਦੀ | ਭਾਰਤ ਵਿਚ ਮਹਿੰਗਾਈ ਦੀ ਮਾਰ ਨਾਲ ਝੰਬੇ ਲੋਕਾਂ ਨੂੰ ਅਗਲੇ ਦਿਨਾਂ ਵਿਚ ਹੋਰ ਮਹਿੰਗਾਈ ਦੀ ਮਾਰ ਪੈ ਸਕਦੀ ਹੈ | ਜਿਸ ਨਾਲ ਦੇਸ਼ ਦੀ ਆਰਥਿਕ ਗੱਡੀ ਡਾਂਵਾਡੋਲ ਹੋਣ ਕਰਕੇ ਭਾਰਤ ਦਾ ਦੁਨੀਆਂ ਦਾ ਤੀਜੀ ਅਰਥਵਿਵਸਥਾ ਬਣਨ ਦਾ ਸੁਪਨਾ ਪੂਰਾ ਕਰਨਾ ਆਸਾਨ ਨਹੀਂ ਰਹੇਗਾ |