ਮੌੜ ਮੰਡੀ/ਤਲਵੰਡੀ ਸਾਬੋ, 14 ਅਪ੍ਰੈਲ (ਗੁਰਜੀਤ ਸਿੰਘ ਕਮਾਲੂ/ਰਣਜੀਤ ਸਿੰਘ ਰਾਜੂ)-ਪਿਛਲੇ ਦਿਨੀਂ ਭਾਜਪਾ ਵਿਚ ਸ਼ਾਮਿਲ ਹੋਏ ਮਾਣਯੋਗ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਐਚ.ਐਸ. ਫੂਲਕਾ ਵਲੋਂ ਅੱਜ ਮੌੜ ਮੰਡੀ ਵਿਖੇ ਪੈੱ੍ਰਸ ਕਾਨਫ਼ਰੰਸ ਕਰਦੇ ਹੋਏ ਬੇਅਦਬੀ ਮਾਮਲਿਆਂ 'ਤੇ ਗੰਭੀਰ ਚਿੰਤਾ ਜਤਾਈ | ਉਨ੍ਹਾਂ ਕਿਹਾ ਕਿ ਕਈ ਕੇਸ ਪੰਜਾਬ ਤੋਂ ਬਾਹਰ ਟਰਾਂਸਫ਼ਰ ਹੋ ਰਹੇ ਹਨ ਅਤੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਫ਼ੈਸਲਿਆਂ ਨੂੰ ਉੱਚ ਅਦਾਲਤ ਜਾਂ ਸੁਪਰੀਮ ਕੋਰਟ ਵਿਚ ਚੁਣੌਤੀ ਨਹੀਂ ਦਿੱਤੀ ਜਾ ਰਹੀ, ਜਿਸ ਨਾਲ ਸਰਕਾਰ ਦੀ ਨੀਅਤ 'ਤੇ ਸਵਾਲ ਖੜ੍ਹਦੇ ਹਨ | ਉਨ੍ਹਾਂ ਜ਼ੋਰ ਦਿੱਤਾ ਕਿ ਇਹ ਮਾਮਲਾ ਸਿਰਫ਼ ਸਿੱਖ ਕੌਮ ਹੀ ਨਹੀਂ, ਸਾਰੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਤੇ ਇਸ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ | ਪਿਛਲੇ ਦਿਨੀਂ ਹੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਏ ਦੇਸ਼ ਦੇ ਨਾਮੀ ਵਕੀਲ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਨੇਤਾ ਰਹਿ ਚੁੱਕੇ ਐੱਚ.ਐੱਸ. ਫੂਲਕਾ ਦੀ ਅਗਵਾਈ ਹੇਠ ਅੱਜ ਭਾਜਪਾ ਦੇ ਲੀਡਰਾਂ ਨੇ ਵਿਸਾਖੀ ਜੋੜ ਮੇਲੇ ਦੌਰਾਨ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਿਆ | ਦਮਦਮਾ ਸਾਹਿਬ ਪੁੱਜਣ 'ਤੇ ਭਾਜਪਾ ਜ਼ਿਲ੍ਹਾ ਬਠਿੰਡਾ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਤੇ ਲੋਕ ਸਭਾ ਚੋਣ ਲੜ ਚੁੱਕੇ ਸੇਵਾਮੁਕਤ ਆਈ.ਏ.ਐੱਸ. ਬੀਬਾ ਪਰਮਪਾਲ ਕੌਰ ਸਿੱਧੂ ਨੇ ਫੂਲਕਾ ਤੇ ਹੋਰਨਾਂ ਆਗੂਆਂ ਨੂੰ ਜੀ ਆਇਆਂ ਆਖਿਆ | ਇਸ ਮੌਕੇ ਫੂਲਕਾ ਅਤੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਸਮੇਤ ਭਾਜਪਾ ਆਗੂਆਂ ਨੇ ਤਖ਼ਤ ਸਾਹਿਬ ਮੱਥਾ ਟੇਕਿਆ ਅਤੇ ਕੁਝ ਸਮਾਂ ਕੀਰਤਨ ਸ੍ਰਵਣ ਕੀਤਾ | ਮੱਥਾ ਟੇਕਣ ਉਪਰੰਤ ਗੱਲਬਾਤ ਕਰਦਿਆਂ ਫੂਲਕਾ ਨੇ ਜਿੱਥੇ ਸਮੁੱਚੀ ਸਿੱਖ ਕੌਮ ਨੂੰ ਖ਼ਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ | ਭਾਜਪਾ ਵਫ਼ਦ ਵਿਚ ਸਰੂਪ ਚੰਦ ਸਿੰਗਲਾ ਤੇ ਜਗਦੀਪ ਸਿੰਘ ਨਕੱਈ ਦੋਵੇਂ ਸਾਬਕਾ ਸੰਸਦੀ ਸਕੱਤਰ, ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ, ਜਥੇਦਾਰ ਚਰਨਜੀਤ ਸਿੰਘ ਕਾਲੇਵਾਲ ਮੈਂਬਰ ਸ਼੍ਰੋਮਣੀ ਕਮੇਟੀ, ਦਿਆਲ ਦਾਸ ਸੋਢੀ, ਬਿਕਰਮਜੀਤ ਸਿੰਘ ਚੀਮਾ, ਕੰਵਰਬੀਰ ਸਿੰਘ ਟੌਹੜਾ ਅਤੇ ਜਗਦੀਪ ਸਿੰਘ ਬਰਾੜ ਆਦਿ ਮੌਜੂਦ ਸਨ |
ਬੇਅਦਬੀ ਦੇ ਮਸਲੇ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ-ਫੂਲਕਾ <br/>
ਅਜੀਤ ਡੈਸਕ
15-04-2026