ਅੰਮਿ੍ਤਸਰ, 14 ਅਪ੍ਰੈਲ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਜ਼ਿਲ੍ਹਾ ਡੇਰਾ ਗ਼ਾਜ਼ੀ ਖ਼ਾਨ ਦੇ ਕਸਬੇ ਤੌਂਸਾ ਦੇ ਸਰਕਾਰੀ ਤਹਿਸੀਲ ਹੈੱਡਕੁਆਟਰ ਹਸਪਤਾਲ (ਟੀ. ਐੱਚ. ਕਿਊ.) 'ਚ ਡਾਕਟਰਾਂ ਅਤੇ ਹੋਰ ਸਹਾਇਕ ਸਟਾਫ਼ ਦੀ ਲਾਪਰਵਾਹੀ ਦੇ ਨਤੀਜੇ ਵਜੋਂ 331 ਮਾਸੂਮ ਬੱਚੇ ਐੱਚ. ਆਈ. ਵੀ. ਪਾਜ਼ੀਟਿਵ ਹੋ ਗਏ ਹਨ | ਸਰਕਾਰੀ ਹਸਪਤਾਲ ਦੀ ਇਸ ਸ਼ਰਮਨਾਕ ਕਾਰਵਾਈ ਨੇ ਪੀੜਤ ਬੱਚਿਆਂ ਦੀ ਜ਼ਿੰਦਗੀ ਨੂੰ ਤਰਸਯੋਗ ਬਣਾ ਦਿੱਤਾ ਹੈ | ਜਾਂਚ 'ਚ ਖ਼ੁਲਾਸਾ ਹੋਇਆ ਹੈ ਕਿ ਹਸਪਤਾਲ ਦਾ ਸਟਾਫ਼ ਵਰਤੀਆਂ ਹੋਈਆਂ ਸੂਈਆਂ ਦੀ ਦੁਬਾਰਾ ਵਰਤੋਂ ਕਰਕੇ ਬੱਚਿਆਂ ਨੂੰ ਜਾਨਲੇਵਾ ਰੋਗ ਦਾ ਸ਼ਿਕਾਰ ਬਣਾ ਰਿਹਾ ਸੀ | ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਸਾਲ 2019 ਤੋਂ 2021 ਤੱਕ ਸੂਬਾ ਸਿੰਧ ਦੇ ਰਤੋਡੇਰੋ 'ਚ 1500 ਤੋਂ ਵੱਧ ਬੱਚੇ ਵਰਤੋਂ 'ਚ ਲਿਆਂਦੀਆਂ ਗਈਆਂ ਦੂਸ਼ਿਤ ਸੂਈਆਂ ਕਾਰਨ ਐੱਚ. ਆਈ. ਵੀ. ਨਾਲ ਸੰਕਰਮਿਤ ਹੋਏ ਸਨ | ਪਾਕਿ ਦੇ ਇਕ ਪ੍ਰਮੁੱਖ ਮੀਡੀਆ ਅਦਾਰੇ ਵਲੋਂ ਤੌਂਸਾ ਹਸਪਤਾਲ 'ਚ ਕੀਤੇ 32 ਘੰਟੇ ਦੇ ਗੁਪਤ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਉਕਤ ਮਾਮਲਾ ਸਾਹਮਣੇ ਆਇਆ | ਇਸ ਬਾਰੇ ਜਾਰੀ ਕੀਤੀਆਂ ਵੀਡੀਓਜ਼ 'ਚ ਹਸਪਤਾਲ ਸਟਾਫ਼ ਨੂੰ 10 ਵੱਖ-ਵੱਖ ਬੱਚਿਆਂ 'ਤੇ ਇੱਕੋ ਸਰਿੰਜ ਦੀ ਵਰਤੋਂ ਕਰਦੇ ਵੇਖਿਆ ਜਾ ਸਕਦਾ ਹੈ | ਹਸਪਤਾਲ ਦੀਆਂ ਕੰਧਾਂ 'ਤੇ ਸੁਰੱਖਿਅਤ ਇਲਾਜ ਦੇ ਲਗਾਏ ਪੋਸਟਰਾਂ ਦੇ ਬਾਵਜੂਦ ਡਾਕਟਰਾਂ ਅਤੇ ਨਰਸਾਂ ਨੂੰ 66 ਵਾਰ ਬਿਨਾਂ ਜਰਮ-ਦਸਤਾਨਿਆਂ ਦੇ ਟੀਕੇ ਲਗਾਉਂਦੇ ਵੇਖਿਆ ਗਿਆ | ਇਕ ਨਰਸ ਨੂੰ ਬਿਨਾਂ ਦਸਤਾਨਿਆਂ ਦੇ ਮੈਡੀਕਲ ਕੂੜੇਦਾਨਾਂ 'ਚ ਆਪਣੇ ਹੱਥ ਪਾਉਂਦੇ ਅਤੇ ਫਿਰ ਉਹੀ ਹੱਥਾਂ ਦੀ ਵਰਤੋਂ ਮਰੀਜ਼ਾਂ 'ਤੇ ਕਰਦੇ ਹੋਏ ਵੇਖਿਆ ਗਿਆ | ਲਹਿੰਦੇ ਪੰਜਾਬ ਦੇ ਸਿਹਤ ਵਿਭਾਗ ਨੇ ਮੰਨਿਆ ਹੈ ਕਿ ਨਵੰਬਰ 2024 ਤੋਂ ਅਕਤੂਬਰ 2025 ਦੇ ਵਿਚਕਾਰ ਛੋਟੇ ਜਿਹੇ ਕਸਬੇ ਤੌਂਸਾ 'ਚ 331 ਬੱਚੇ ਐੱਚ. ਆਈ. ਵੀ. ਪਾਜ਼ੀਟਿਵ ਪਾਏ ਗਏ | ਸਰਕਾਰੀ ਪ੍ਰਣਾਲੀ ਦਾ ਇਹ ਸ਼ਰਮਨਾਕ ਚਿਹਰਾ ਸਾਹਮਣੇ ਆਉਣ ਤੋਂ ਬਾਅਦ ਭਾਵੇਂ ਕਿ ਇੰਚਾਰਜ ਡਾ: ਤੈਯਬ ਨੂੰ ਮੁਅੱਤਲ ਕਰ ਦਿੱਤਾ ਗਿਆ, ਪਰ ਸਿਰਫ਼ ਤਿੰਨ ਮਹੀਨੇ ਬਾਅਦ ਹੀ ਉਸ ਨੂੰ ਦੁਬਾਰਾ ਨੇੜਲੇ ਕੇਂਦਰ 'ਚ ਬੱਚਿਆਂ ਦੇ ਇਲਾਜ ਲਈ ਨਿਯੁਕਤ ਕਰ ਦਿੱਤਾ ਗਿਆ |
ਲਹਿੰਦੇ ਪੰਜਾਬ ਦੇ ਸਰਕਾਰੀ ਹਸਪਤਾਲ 'ਚ ਇਕ ਹੀ ਸਰਿੰਜ ਨਾਲ ਕਈ ਬੱਚਿਆਂ ਨੂੰ ਲਗਾਇਆ ਟੀਕਾ
ਅਜੀਤ ਡੈਸਕ
15-04-2026