ਨਵੀਂ ਦਿੱਲੀ, 14 ਅਪ੍ਰੈਲ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਨੋਇਡਾ 'ਚ ਸੋਮਵਾਰ ਨੂੰ ਅੰਦੋਲਨ ਕਰ ਰਹੇ ਮਜ਼ਦੂਰਾਂ ਦੇ ਹੱਕ 'ਚ ਅੱਗੇ ਆਉਂਦਿਆਂ ਕਿਹਾ ਕਿ ਸੋਮਵਾਰ ਨੂੰ ਨੋਇਡਾ ਦੀਆਂ ਸੜਕਾਂ 'ਤੇ ਜੋ ਹੋਇਆ, ਉਹ ਇਸ ਦੇਸ਼ ਦੇ ਮਜ਼ਦੂਰਾਂ ਦੀ ਆਖਰੀ ਚੀਕ ਸੀ, ਜਿਸ ਦੀ ਹਰ ਆਵਾਜ਼ ਨੂੰ ਅਣਗੌਲਿਆਂ ਗਿਆ ਹੈ | ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਤਨਖਾਹ ਵਧਣ ਤੱਕ ਇਹ ਬੇਕਾਬੂ ਹੋਈ ਮਹਿੰਗਾਈ ਜ਼ਿੰਦਗੀ ਦਾ ਗਲਾ ਘੁੱਟ ਦਿੰਦੀ ਹੈ, ਕਰਜ਼ੇ ਦੀ ਗਹਿਰਾਈ 'ਚ ਡੁਬੋ ਦਿੰਦੀ ਹੈ, ਇਹੀ ਹੈ ਵਿਕਸਿਤ ਭਾਰਤ ਦਾ ਸੱਚ | ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਇਹ ਸਿਰਫ ਨੋਇਡਾ ਦੀ ਗੱਲ ਨਹੀਂ ਹੈ ਅਤੇ ਇਹ ਸਿਰਫ ਭਾਰਤ ਦੀ ਵੀ ਗੱਲ ਨਹੀਂ ਹੈ | ਦੁਨੀਆ ਭਰ 'ਚ ਬਾਲਣ ਦੀਆਂ ਕੀਮਤਾਂ ਅਸਮਾਨ ਛੋਹ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਦੀ ਜੰਗ ਕਾਰਨ ਸਪਲਾਈ ਚੇਨ ਟੁੱਟ ਗਈ ਹੈ, ਪਰ ਅਮਰੀਕਾ ਦੇ ਟੈਰਿਫ ਵਾਰ, ਆਲਮੀ ਮਹਿੰਗਾਈ, ਟੁੱਟਦੀ ਸਪਲਾਈ ਚੇਨ ਇਸਦਾ ਬੋਝ ਮੋਦੀ ਦੇ ਮਿੱਤਰ ਕਾਰੋਬਾਰੀਆਂ 'ਤੇ ਨਹੀਂ ਪਿਆ | ਇਸ ਦੀ ਸਭ ਤੋਂ ਵੱਡੀ ਮਾਰ ਪਈ ਹੈ ਉਸ ਮਜ਼ਦੂਰ 'ਤੇ ਜੋ ਰੋਜ਼ ਦਿਹਾੜੀ ਕਮਾਉਂਦਾ ਹੈ ਤਾਂ ਹੀ ਰੋਜ਼ ਖਾਂਦਾ ਹੈ | ਉਨ੍ਹਾਂ ਕਿਹਾ ਕਿ ਉਹ ਮਜ਼ਦੂਰ ਜੋ ਕਿਸੇ ਜੰਗ ਦਾ ਹਿੱਸਾ ਨਹੀਂ, ਜਿਸ ਨੇ ਕੋਈ ਨੀਤੀ ਨਹੀਂ ਬਣਾਈ ਬਸ ਚੁੱਪਚਾਪ ਬਿਨਾਂ ਸ਼ਿਕਾਇਤ ਕੰਮ ਕੀਤਾ | ਉਸ ਦੇ ਬਦਲੇ ਆਪਣਾ ਹੱਕ ਮੰਗਣ 'ਤੇ ਉਸ ਨੂੰ ਕੀ ਮਿਲਦਾ ਹੈ, ਦਬਾਅ ਅਤੇ ਜ਼ੁਲਮ | ਰਾਹੁਲ ਗਾਂਧੀ ਨੇ ਹਰ ਮਜ਼ਦੂਰ ਦੇ ਨਾਲ ਖੜ੍ਹਾ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ 4 ਲੇਬਰ ਰੋਡ ਕਾਹਲੀ 'ਚ ਬਿਨਾਂ ਸੰਵਾਦ ਨਵੰਬਰ 2025 'ਚ ਲਾਗੂ ਕਰਕੇ ਕੰਮ ਦਾ ਸਮਾਂ 12 ਘੰਟੇ ਤੱਕ ਵਧਾ ਦਿੱਤਾ | ਜੋ ਮਜ਼ਦੂਰ ਹਰ ਰੋਜ਼ 12-12 ਘੰਟੇ ਖੜ੍ਹੇ ਹੋ ਕੇ ਕੰਮ ਕਰਦਾ ਹੈ, ਫਿਰ ਵੀ ਬੱਚਿਆਂ ਦੀ ਸਕੂਲ ਫੀਸ ਕਰਜ਼ਾ ਲੈ ਕੇ ਭਰਦਾ ਹੈ, ਕੀ ਉਸ ਦੀ ਮੰਗ ਗੈਰ-ਵਾਜਿਬ ਹੈ? ਜ਼ਿਕਰਯੋਗ ਹੈ ਕਿ ਨੋਇਡਾ 'ਚ ਤਨਖਾਹ 'ਚ ਵਾਧੇ ਨੂੰ ਲੈ ਕੇ ਫੈਕਟਰੀ ਮਜ਼ਦੂਰਾਂ ਨੇ ਸੋਮਵਾਰ ਨੂੰ ਪ੍ਰਦਰਸ਼ਨ ਕੀਤਾ, ਜਿਸ 'ਚ ਜੰਮ ਕੇ ਹਿੰਸਾ ਵੀ ਹੋਈ |