ਚੰਡੀਗੜ, 15 ਅਪ੍ਰੈਲ (ਅਜੀਤ ਬਿਊਰੋ)-ਸੂਬੇ ਦੇ ਪਸ਼ੂ ਪਾਲਣ ਖੇਤਰ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਤਿੰਨ ਵੈਟਰਨਰੀ ਅਫ਼ਸਰਾਂ, ਇਕ ਵੈਟਰਨਰੀ ਇੰਸਪੈਕਟਰ ਅਤੇ 16 ਡੇਅਰੀ ਵਿਕਾਸ ਇੰਸਪੈਕਟਰਾਂ (ਗ੍ਰੇਡ 2) ਨੂੰ ਨਿਯੁਕਤੀ ਪੱਤਰ ਸੌਂਪੇ | ਉਨਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਪਸ਼ੂ ਪਾਲਣ ਵਿਭਾਗ 'ਚ ਕੁੱਲ 1257 ਭਰਤੀਆਂ ਕੀਤੀਆਂ ਗਈਆਂ ਹਨ | ਉਨਾਂ ਦੱਸਿਆ ਕਿ 2022 ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਵਲੋਂ ਪਾਰਦਰਸ਼ੀ ਢੰਗ ਨਾਲ ਯੋਗਤਾ ਦੇ ਆਧਾਰ 'ਤੇ 619 ਵੈਟਰਨਰੀ ਅਫਸਰਾਂ ਅਤੇ 579 ਵੈਟਰਨਰੀ ਇੰਸਪੈਕਟਰਾਂ ਦੀ ਨਿਯੁਕਤੀ ਕੀਤੀ ਗਈ ਹੈ | ਇਸ ਤੋਂ ਇਲਾਵਾ 16 ਕਲਰਕ (ਸਦਰ ਦਫ਼ਤਰ), 2 ਮਿਲਕ ਰਿਕਾਰਡਰ, 7 ਲੈਬ ਸਹਾਇਕ, 7 ਕੰਪਿਊਟਰ ਆਪਰੇਟਰ/ਗਣਨਾਕਾਰ/ਪੰਚਰਸ, 1 ਮਸ਼ੀਨ ਆਪਰੇਟਰ, 1 ਇਨਕਿਊਬੇਟਰ ਆਪਰੇਟਰ, 2 ਲੀਗਲ ਕਲਰਕ ਅਤੇ 8 ਸਟੈਨੋਟਾਈਪਿਸਟਾਂ ਦੀ ਵੀ ਭਰਤੀ ਕੀਤੀ ਗਈ ਹੈ | ਮੰਤਰੀ ਨੇ ਕਿਹਾ ਕਿ ਕੁੱਲ 14 ਕਲਰਕਾਂ ਅਤੇ 1 ਲੈਬ ਸਹਾਇਕ ਨੂੰ ਤਰਸ ਦੇ ਆਧਾਰ 'ਤੇ ਨਿਯੁਕਤ ਕੀਤਾ ਗਿਆ ਹੈ | ਨਵ-ਨਿਯੁਕਤ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਉਨਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ |