ਚੰਡੀਗੜ੍ਹ, 17 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਦੇ ਰਾਜਨੀਤਕ ਪਰਦੇ 'ਤੇ ਅੱਜ ਨਵੀਂ ਪਾਰਟੀ 'ਪੰਜਾਬੀ ਲੋਕਰਾਜ ਪਾਰਟੀ' ਦਾ ਆਗਾਜ਼ ਹੋਇਆ ਹੈ, ਜਿਸ ਦਾ ਉਦੇਸ਼ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਸਿਰੜੀ ਕੰਮ ਕਰਨੇ ਹਨ ਤਾਂ ਜੋ ਸੂਬੇ ਵਿਚ ਕਿਰਤ ਦਾ ਸੱਭਿਆਚਾਰ ਮੁੜ ਸਿਰਜਿਆ ਜਾਵੇ | ਅੱਜ ਚੰਡੀਗੜ੍ਹ ਪੈੱ੍ਰਸ ਕਲੱਬ ਵਿਚ ਪੰਜਾਬੀ ਲੋਕਰਾਜ ਪਾਰਟੀ ਦੇ ਪ੍ਰਧਾਨ ਕਿਰਨਬੀਰ ਸਿੰਘ ਕੰਗ ਨੇ ਪਾਰਟੀ ਦੇ ਕੰਮਾਂ, ਉਦੇਸ਼ਾਂ ਅਤੇ ਨੀਤੀਆਂ ਦਾ ਉਲੇਖ ਕਰਦਿਆਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਇਸ ਪਾਰਟੀ ਦਾ ਗਠਨ ਕੀਤਾ ਗਿਆ, ਜਦੋਂ ਕਿ ਉਨ੍ਹਾਂ ਦੇ ਸਾਥੀ ਪਹਿਲਾਂ ਇਕ ਸਮਾਜਸੇਵੀ ਸੰਸਥਾ ਰਾਹੀਂ ਲੋਕ ਸੇਵਾ ਕਰ ਰਹੇ ਸਨ | ਪੰਜਾਬ ਦੇ ਭਵਿੱਖ ਲਈ ਆਪਣੇ ਦਿ੍ਸ਼ਟੀਕੋਣ, ਚਿੰਤਾਵਾਂ ਅਤੇ ਖਾਕੇ ਦੀ ਰੂਪ-ਰੇਖਾ ਪੇਸ਼ ਕਰਦਿਆਂ ਕੰਗ ਨੇ ਦੱਸਿਆ ਕਿ ਸੂਬੇ ਵਿਚ ਸਿੱਖਿਆ ਅਤੇ ਇਲਾਜ ਵਿਵਸਥਾ ਵਿਚ ਮੁੱਢਲੇ ਪੱਧਰ ਤੋਂ ਚੰਗੀ ਨੀਤੀ ਅਤੇ ਨੀਅਤ ਨਾਲ ਕੰਮ ਕੀਤਾ ਜਾਵੇਗਾ | ਆਜ਼ਾਦੀ ਸੰਘਰਸ਼ ਅਤੇ ਸਿੱਖ ਸਮਾਜ ਦੇ ਆਗੂ ਰਹੇ ਤੇਜਾ ਸਿੰਘ ਸਮੁੰਦਰੀ, ਪਰਿਵਾਰ ਦੀ ਨੂੰਹ ਡਾਕਟਰ ਸਿਮਰਨ ਕੌਰ ਸੰਧੂ ਨੇ ਕਿਹਾ ਕਿ ਅੱਜ ਪੰਜਾਬ ਵਿਚ ਸਿੱਖਿਆ, ਇਲਾਜ ਵਿਵਸਥਾ ਅਤੇ ਕਿਰਤ ਸੱਭਿਆਚਾਰ ਦਾ ਘਾਣ ਕੀਤਾ ਜਾ ਰਿਹਾ ਹੈ | ਇਸ ਲਈ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਵੀ ਚਿੰਤਤ ਹਨ | ਨੌਜਵਾਨ ਆਗੂ ਜਸਪ੍ਰੀਤ ਸਿੰਘ ਦਹੀਆਂ ਨੇ ਕਿਹਾ ਕਿ ਪੰਜਾਬ ਵਿਚ ਰੁਜ਼ਗਾਰ ਸਿਰਜਣ ਦੇ ਬੇਅੰਤ ਮੌਕੇ ਹਨ, ਇਸ ਦੇ ਲਈ ਚੰਗੀ ਨੀਤ ਅਤੇ ਨੀਅਤ ਵਾਲੀ ਸਰਕਾਰ ਬਣਾਉਣ ਦੀ ਲੋੜ ਹੈ | ਸੇਵਾ ਮੁਕਤ ਬਿ੍ਗੇਡੀਅਰ ਸੰਜੀਵ ਕੁਮਾਰ ਨੇ ਕਿਹਾ ਪੰਜਾਬ ਦੇ ਲੋਕ ਅਨੁਸਾਸ਼ਨ ਦੇ ਪਾਬੰਦ ਰਹੇ ਹਨ, ਪਰ ਹੁਣ ਸਰਕਾਰਾਂ ਲੋਕਾਂ ਨੂੰ ਮੁਫ਼ਤ ਦੀਆਂ ਸਹੂਲਤਾਂ ਲਈ ਅਨੁਸ਼ਾਸ਼ਨਹੀਣ ਬਣਾ ਰਹੀਆਂ ਹਨ | ਇਸ ਮੌਕੇ ਹਰਮਿੰਦਰ ਸਿੰਘ ਲਾਲੀ, ਜਸਪ੍ਰੀਤ ਸਿੰਘ ਜਲੰਧਰ, ਜਗਤਾਰ ਸਿੰਘ ਭੰਗੂ, ਤਵਲੀਨ ਜ਼ਫ਼ਰਾ, ਰਾਜੀਵ ਜੌੜਾ, ਐਡਵੋਕੇਟ ਬਖਸ਼ਿੰਦਰਪਾਲ ਸਿੰਘ ਢੀਂਡਸਾ ਅਤੇ ਰਾਜਬਿੰਦਰ ਸਿੰਘ ਸਿੱਧੂ ਸਮੇਤ ਹੋਰ ਆਗੂ ਹਾਜ਼ਰ ਸਨ |