ਲੁਧਿਆਣਾ, 20 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਾਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਬਸੰਤ ਨਗਰ ਦੀ ਗਲੀ ਨੰਬਰ ਪੰਜ ਵਿਚ ਨਸ਼ੇ ਲਈ ਪੈਸੇ ਨਾ ਦੇਣ 'ਤੇ ਕਲਯੁਗੀ ਪੁੱਤਰ ਨੇ ਮਾਂ ਦਾ ਕਤਲ ਕਰ ਦਿੱਤਾ | ਜਾਣਕਾਰੀ ਅਨੁਸਾਰ ਮਿ੍ਤਕ ਔਰਤ ਦੀ ਸ਼ਨਾਖਤ ਮਨਪ੍ਰੀਤ ਕੌਰ ਵਜੋਂ ਕੀਤੀ ਗਈ ਹੈ, ਉਸ ਦੀ ਉਮਰ 43 ਸਾਲ ਦੇ ਕਰੀਬ ਸੀ | ਮਨਪ੍ਰੀਤ ਕੌਰ ਆਪਣੇ ਪਤੀ ਤੋਂ ਅਲੱਗ ਆਪਣੇ ਲੜਕੇ ਪਰਵਿੰਦਰ ਸਿੰਘ ਨਾਲ ਰਹਿ ਰਹੀ ਸੀ | ਪਰਵਿੰਦਰ ਦੀ ਉਮਰ 28 ਸਾਲ ਦੇ ਕਰੀਬ ਹੈ | ਪੁਲਿਸ ਅਨੁਸਾਰ ਪਰਵਿੰਦਰ ਨਸ਼ੇ ਕਰਨ ਦਾ ਆਦੀ ਹੈ ਤੇ ਅਕਸਰ ਉਸਦੀ ਮਾਂ ਉਸਨੂੰ ਨਸ਼ੇ ਕਰਨ ਤੋਂ ਰੋਕਦੀ ਸੀ, ਜਿਸ ਕਾਰਨ ਇਨ੍ਹਾਂ ਦਾ ਆਪਸ ਵਿਚ ਕਲੇਸ਼ ਰਹਿੰਦਾ ਸੀ | ਉਨ੍ਹਾਂ ਦੱਸਿਆ ਕਿ ਕਤਲ ਤੋਂ ਪਹਿਲਾਂ ਵੀ ਇਨ੍ਹਾਂ ਮਾਂ ਪੁੱਤਰ ਵਿਚਾਲੇ ਝਗੜਾ ਹੋਇਆ, ਜਿਸ 'ਤੇ ਪਰਵਿੰਦਰ ਨੇ ਆਪਣੀ ਮਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ | ਕਤਲ ਕਰਨ ਤੋਂ ਬਾਅਦ ਲੜਕਾ ਮਾਂ ਨੂੰ ਹਸਪਤਾਲ ਵਿਚ ਲੈ ਗਿਆ, ਜਿਸ ਸੰਬੰਧੀ ਸ਼ੱਕ ਪੈਣ 'ਤੇ ਡਾਕਟਰਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ | ਪੁਲਿਸ ਨੇ ਕਾਰਵਾਈ ਦੌਰਾਨ ਕਤਲ ਦਾ ਕੇਸ ਦਰਜ ਕਰਨ ਉਪਰੰਤ ਦੋਸ਼ੀ ਨੂੰ ਕਾਬੂ ਕਰ ਲਿਆ ਹੈ |