ਅੰਮਿ੍ਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਜਾਗਤਿ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 ਵਿਚ ਸੋਧ ਕਰਕੇ ਉਸਨੂੰ ਲਾਗੂ ਕਰਨ ਦੀ ਮੁੜ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਕਿਹਾ ਜਾਂਦਾ ਹੈ ਕਿ ਭਗਵੰਤ ਮਾਨ ਗੁਰਸਿੱਖ ਨਹੀਂ ਹਨ, ਦਾੜ੍ਹੀ ਕੇਸ ਕੱਟੇ ਹੋਏ ਨੇ, ਪਰ ਜਿਹੜਾ ਸ਼ਲਾਘਾਯੋਗ ਕਾਰਜ ਉਨ੍ਹਾਂ ਨੇ ਸਤਿਕਾਰ ਐਕਟ ਵਿਚ ਸੋਧ ਦੇ ਰੂਪ ਕਰ ਦਿੱਤਾ ਉਹ ਸਿੱਖ ਰਹਿਣ ਜਾਂ ਸਿੱਖ ਅਖਵਾਉਣ ਵਾਲੇ ਵੀ ਹੁਣ ਤੱਕ ਨਹੀਂ ਕਰ ਸਕੇ | ਅੱਜ ਇਥੇ ਜਾਰੀ ਵੀਡੀਓ ਬਿਆਨ ਵਿਚ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਸੁਖਬੀਰ ਸਿੰਘ ਬਾਦਲ ਸਿਆਸੀ ਵਿਰੋਧੀ ਹਨ ਤੇ ਇਸ ਕਰਕੇ ਉਹ ਵਿਰੋਧਤਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਵਿਰੋਧਤਾ ਕਰਨ ਵੀ ਕਿਉਂ ਨਾ, ਕਿਉਂਕਿ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ, ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ, ਉਨ੍ਹਾਂ ਦੀ ਪੁਸ਼ਤ ਪਨਾਹੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੀ ਅਕਾਲੀ ਸਰਕਾਰ ਵੇਲੇ ਕੀਤੀ ਹੈ | ਉਨ੍ਹਾਂ ਕਿਹਾ ਪੰਜਾਬ ਸਰਕਾਰ ਦੇ ਇਸ ਅਹਿਮ ਕਾਰਜ ਦਾ ਵਿਰੋਧ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਪੰਜਾਬ ਸਰਕਾਰ ਨੇ ਸ਼ਲਾਘਾਯੋਗ ਕਾਰਜ ਕਰਕੇ ਤੇ ਸਿੱਖ ਪੰਥ ਨੂੰ ਜੋ ਸਤਿਕਾਰ ਦਿੱਤਾ ਤੇ ਹੁਣ ਪੰਜਾਬ ਵਿਚ ਕਾਨੂੰਨ ਬਣ ਚੁੱਕਾ ਹੈ |
ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਕਾਰਜ ਕਰ ਦਿੱਤਾ ਉਹ ਹੁਣ ਤੱਕ ਸਿੱਖ ਅਖਵਾਉਣ ਵਾਲੇ ਵੀ ਨਹੀਂ ਕਰ ਸਕੇ-ਗਿਆਨੀ ਰਘਬੀਰ ਸਿੰਘ
ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਵੀਡੀਓ ਵਿਚੋਂ ਲਈ ਗਈ ਤਸਵੀਰ | ਅਜੀਤ ਤਸਵੀਰ<br/>
22-04-2026