ਅੰਮਿ੍ਤਸਰ, 21 ਅਪ੍ਰੈਲ (ਸੁਰਿੰਦਰ ਕੋਛੜ)-ਲਾਹੌਰ 'ਚ ਵਰਲਡ ਸੈਂਟਰ ਫ਼ਾਰ ਪੰਜਾਬੀ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 'ਵਿਸਾਖੀ ਦਿਵਸ 'ਚ ਖਾਲਸੇ ਦੀ ਮਿਠਾਸ' ਸਿਰਲੇਖ ਹੇਠ ਕੌਮਾਂਤਰੀ ਸੈਮੀਨਾਰ ਕਰਵਾਇਆ | ਇਸ ਸਮਾਗਮ 'ਚ ਵੱਡੀ ਗਿਣਤੀ 'ਚ ਸਿੱਖ ਭਾਈਚਾਰੇ ਨੇ ਸ਼ਿਰਕਤ ਕੀਤੀ | ਇਸ ਵਿਸਾਖੀ ਸੈਮੀਨਾਰ ਦੀ ਪ੍ਰਧਾਨਗੀ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ ਨੇ ਕੀਤੀ ਅਤੇ ਡਿਪਟੀ ਸਕੱਤਰ ਸਈਦ ਫ਼ਰਾਜ਼ ਅੱਬਾਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਤੋਂ ਇਲਾਵਾ ਆਸਟ੍ਰੇਲੀਆ ਤੋਂ ਸਰਬਜੀਤ ਸਿੰਘ, ਹੰਸ ਰਾਜ ਸਿੰਘ ਭਟਾਨੀ, ਗੁਲਾਬ ਸਿੰਘ, ਸੁਰਜੀਤ ਸਿੰਘ, ਡਾ. ਇਬਾਦ ਨਬੀਲ ਸ਼ਾਦ, ਪ੍ਰੋਫੈਸਰ ਸਆਦਤ ਅਲੀ ਸਾਕਿਬ, ਪ੍ਰੋ. ਨਾਸਿਰ ਅਦੀਬ, ਪਾਕਿ 'ਚ ਯੂ. ਐੱਨ. ਓ. ਪ੍ਰਤੀਨਿਧੀ ਇਦਰੀਸ ਰਾਣਾ ਅਤੇ ਪੰਜਾਬੀ ਲੋਕ ਕਲਾਕਾਰ ਸ਼ੌਕਤ ਅਲੀ ਖਾਨ ਦੇ ਪੁੱਤਰ ਇਮਰਾਨ ਸ਼ੌਕਤ ਅਲੀ ਖਾਨ ਨੇ ਵੀ ਸ਼ਿਰਕਤ ਕੀਤੀ | ਪਾਕਿਸਤਾਨ ਦੇ ਪਹਿਲੇ ਸਿੱਖ ਪੀ. ਐੱਚ. ਡੀ. ਸਕਾਲਰ ਡਾ: ਪ੍ਰੋ. ਕਲਿਆਣ ਸਿੰਘ ਕਲਿਆਣ ਨੇ ਸੈਮੀਨਾਰ 'ਚ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕੀਤੀ | ਸਮਾਰੋਹ ਦੀ ਸ਼ੁਰੂਆਤ ਭਾਈ ਮਰਦਾਨਾ ਜੀ ਦੀ 18ਵੀਂ ਪੀੜ੍ਹੀ ਨਾਲ ਸੰਬੰਧਿਤ ਭਾਈ ਨਈਮ ਤਾਹਿਰ ਲਾਲ ਨੇ ਮੂਲ ਮੰਤਰ ਨਾਲ ਕੀਤੀ | ਵਰਲਡ ਸੈਂਟਰ ਫ਼ਾਰ ਪੰਜਾਬੀ ਦੇ ਡਾਇਰੈਕਟਰ ਡਾ: ਰਜ਼ਾਕ ਸ਼ਾਹਿਦ ਨੇ ਸੰਬੋਧਨ ਦੌਰਾਨ ਸੰਸਥਾ ਦੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਦੱਸਿਆ | ਇਸ ਮੌਕੇ ਸਰਬਜੀਤ ਸਿੰਘ ਆਸਟ੍ਰੇਲੀਆ ਨੇ ਵੀ ਸੰਬੋਧਨ ਕੀਤਾ |
ਪਾਕਿ 'ਚ 'ਵਿਸਾਖੀ ਦਿਵਸ 'ਚ ਖਾਲਸੇ ਦੀ ਮਿਠਾਸ' ਸਿਰਲੇਖ ਹੇਠ ਕੌਮਾਂਤਰੀ ਸੈਮੀਨਾਰ ਕਰਵਾਇਆ
ਅਜੀਤ ਡੈਸਕ
22-04-2026