ਅੰਮਿ੍ਤਸਰ, 21 ਅਪ੍ਰੈਲ (ਜੱਸ)-ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿਖੇ ਹੋ ਰਹੇ ਗੁਰਮਤਿ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਗਏ ਹੋਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਪ੍ਰਬੰਧ ਵਾਲੇ ਸਿੱਖ ਹੈਰੀਟੇਜ ਸਕੂਲ (ਪੰਜਾਬੀ ਸਕੂਲ) ਵਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਕਰਵਾਏ ਗਏ ਅੱਜ ਸਾਲਾਨਾ ਇਨਾਮ ਵੰਡ ਸਮਾਗਮ ਵਿਚ ਸ਼ਿਰਕਤ ਕੀਤੀ | ਜਥੇਦਾਰ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਵਲੋਂ ਆਕਲੈਂਡ ਤੋਂ ਜਾਰੀ ਸੂਚਨਾ ਅਨੁਸਾਰ ਉਨ੍ਹਾਂ ਗੁਰਦੁਆਰਾ ਸਾਹਿਬ 'ਚ ਚਲਾਏ ਜਾ ਰਹੇ ਸਿੱਖ ਹੈਰੀਟੇਜ ਸਕੂਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਜਿੱਥੇ ਹਫਤਾਵਾਰੀ ਸਨਿਚਰਵਾਰ ਵਾਲੇ ਦਿਨ ਕਲਾਸਾਂ ਲਗਾ ਕੇ ਸਥਾਨਕ ਬੱਚਿਆਂ ਨੂੰ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਗੁਰਮੁਖੀ ਪੰਜਾਬੀ, ਗੁਰਮਤਿ ਵਿਦਿਆ ਤੇ ਸੰਗੀਤ, ਸਿੱਖ ਇਤਿਹਾਸ ਤੇ ਸਿੱਖ ਰਹਿਤ ਮਰਿਯਾਦਾ, ਨਿਤਨੇਮ ਤੇ ਗੁਰਬਾਣੀ ਸੰਥਿਆ ਦੀ ਸਿਖਲਾਈ ਦਿੱਤੀ ਜਾਂਦੀ ਹੈ | ਮੌਜੂਦਾ ਸਮੇਂ ਇਸ ਸਕੂਲ ਵਿਚ ਹਜ਼ਾਰ ਦੇ ਕਰੀਬ ਬੱਚੇ ਗੁਰਮੁਖੀ ਅਤੇ ਗੁਰਮਤਿ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ | ਜਥੇਦਾਰ ਗੜਗੱਜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਮਾਪੇ ਆਪਣੇ ਬੱਚਿਆਂ ਨੂੰ ਗੁਰਮੁਖੀ ਪੰਜਾਬੀ ਜ਼ਰੂਰ ਸਿਖਾਉਣ ਤਾਂ ਹੀ ਉਹ ਗੁਰਬਾਣੀ ਨਾਲ ਜੁੜਣਗੇ | ਹੋਣਹਾਰ ਬੱਚਿਆਂ ਨੂੰ ਜਥੇਦਾਰ ਗੜਗੱਜ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਇਨਾਮ ਤੇ ਸਰਟੀਫਿਕੇਟ ਵੰਡੇ ਗਏ | ਇਸ ਮੌਕੇ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਬੁਲਾਰੇ ਦਲਜੀਤ ਸਿੰਘ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸਿੱਖ ਹੈਰੀਟੇਜ ਸਕੂਲ ਬੋਰਡ ਦੇ ਪ੍ਰਧਾਨ ਬੀਬੀ ਮਨਦੀਪ ਕੌਰ, ਚੇਅਰਪਰਸਨ ਬੀਬੀ ਕੁਲਜੀਤ ਕੌਰ, ਪਿ੍ੰਸੀਪਲ ਬੀਬੀ ਜਸਬੀਰ ਕੌਰ, ਮੀਤ ਪ੍ਰਧਾਨ ਗੁਰਿੰਦਰਜੀਤ ਸਿੰਘ, ਸੰਗੀਤ ਅਧਿਆਪਕ ਮਨਜੀਤ ਸਿੰਘ, ਬੋਰਡ ਮੈਂਬਰ ਜਗਦੀਪ ਸਿੰਘ, ਮਨਜਿੰਦਰ ਸਿੰਘ, ਜਗਬੀਰ ਸਿੰਘ ਆਦਿ ਹਾਜ਼ਰ ਸਨ |
ਜਥੇਦਾਰ ਗੜਗੱਜ ਨੇ ਨਿਊਜ਼ੀਲੈਂਡ 'ਚ ਸਿੱਖ ਹੈਰੀਟੇਜ ਸਕੂਲ ਦੇ ਸਾਲਾਨਾ ਸਮਾਗਮ 'ਚ ਕੀਤੀ ਸ਼ਿਰਕਤ <br/>
ਅਜੀਤ ਡੈਸਕ
22-04-2026