ਮੁੱਲਾਂਪੁਰ-ਦਾਖਾ, 21 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪਾਵਰ ਕਾਰਪੋਰੇਸ਼ਨ ਦੁਆਰਾ ਪਿਛਲੇ ਹਫ਼ਤੇ ਤੋਂ ਸ਼ੁਰੂ ਪਾਵਰ ਕੱਟ ਹਰ ਵਰਗ ਲਈ ਮੁਸ਼ਕਿਲ ਬਣਿਆ ਪਿਆ ਹੈ ਤੇ ਪੰਜਾਬ ਸਰਕਾਰ ਦੀ ਚੁੱਪ ਬਾਅਦ ਬਿਜਲੀ ਖਪਤਕਾਰਾਂ ਨੂੰ ਗਰਿੱਡਾਂ ਬਾਹਰ ਰਾਤ ਦੇ ਸਮੇਂ ਧਰਨਾ ਦੇਣਾ ਪੈ ਰਿਹਾ | ਇਹ ਪ੍ਰਗਟਾਵਾ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਕਨਵੀਨਰ, ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਕੀਤਾ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਮੁਫ਼ਤ ਦੀ ਹਰ ਚੀਜ਼ ਹਜ਼ਮ ਨਹੀਂ ਆਉਂਦੀ, ਪੰਜਾਬ ਸਰਕਾਰ ਨੂੰ ਘੱਟ ਦਰਾਂ 'ਤੇ ਵੱਧ ਬਿਜਲੀ ਦੇਣੀ ਚਾਹੀਦੀ ਹੈ ਤਾਂ ਜੋ ਬਿਜਲੀ ਖ਼ਪਤਕਾਰਾਂ ਨੂੰ ਸਵੇਰ-ਸ਼ਾਮ ਘਰਾਂ ਵਿਚ ਮੁਸ਼ਕਿਲ ਪੇਸ਼ ਨਾ ਆਵੇ | ਉਨ੍ਹਾਂ ਕਿਹਾ ਕਿ ਖੇਤੀ ਦਾ ਸਹਾਇਕ ਧੰਦਾ ਡੇਅਰੀ ਫਾਰਮ ਬਿਜਲੀ ਕੱਟਾਂ ਨੇ ਹਾਲੋਂ-ਬੇਹਾਲ ਕੀਤਾ ਪਿਆ ਹੈ | ਕੋਈ ਫੈਕਟਰੀ ਵਾਲਾ ਹੋਵੇ ਜਾਂ ਕਾਰਖ਼ਾਨੇਦਾਰ ਬਿਜਲੀ ਦੇ ਲੰਮੇ ਕੱਟਾਂ ਤੋਂ ਦੁਖੀ ਹੈ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਟੇਲਾਂ 'ਤੇ ਪਾਣੀ ਚੜ੍ਹਾਉਣ ਦੀਆਂ ਗੱਲਾਂ ਕਰਨ ਵਾਲੀ ਪੰਜਾਬ ਸਰਕਾਰ ਦੀਆਂ ਨਹਿਰਾਂ ਹੁਣ ਸੁੱਕੀਆਂ ਕਿਉਂ ਪਈਆਂ ਹਨ! ਨਹਿਰਾਂ ਚੱਲਦੀਆਂ ਹੋਣ ਤਾਂ ਨਹਿਰੀ ਪੁਲਾਂ 'ਤੇ ਮਿੰਨੀ ਹਾਈਡਲ ਪ੍ਰਾਜੈਕਟ (ਐੱਮ. ਐੱਚ. ਪੀ.) ਬਿਜਲੀ ਦੀ ਵਧੀ ਖ਼ਪਤ ਪੂਰੀ ਕਰਨ ਵਿਚ ਸਹਾਈ ਹੁੰਦੇ ਹਨ, ਨਹਿਰਾਂ ਬੰਦ ਹੋਣ ਨਾਲ ਇਹ ਪ੍ਰਾਜੈਕਟ ਵੀ ਬੰਦ ਹੋ ਗਏ | ਇਯਾਲੀ ਨੇ ਅੰਕੜਿਆਂ ਨਾਲ ਦੱਸਿਆ ਕਿ ਕਿਸੇ ਵੀ ਨਹਿਰ 'ਤੇ ਲੱਗਾ ਬਿਜਲੀ ਪ੍ਰਾਜੈਕਟ ਰੋਜ਼ਾਨਾ 35 ਤੋਂ 50 ਹਜ਼ਾਰ ਯੂਨਿਟ ਬਿਜਲੀ ਪੈਦਾ ਕਰਦਾ ਹੈ | ਪੰਜਾਬ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੀ ਵੀ ਆਲੋਚਨਾ ਕਰਦਿਆਂ ਇਯਾਲੀ ਨੇ ਕਿਹਾ ਕਿ ਭਾਖੜਾ-ਬਿਆਸ ਪ੍ਰਬੰਧਨ ਬੋਰਡ ਦੇ ਨਿਯਮਾਂ ਨੂੰ ਬਦਲਣ ਤੇ ਪੰਜਾਬ ਦੇ ਲਾਜ਼ਮੀ ਹਿੱਸੇ ਨੂੰ ਖ਼ਤਮ ਕਰਨ 'ਤੇ ਤੁਰੀ ਭਾਜਪਾ ਦੀ ਕੇਂਦਰ ਸਰਕਾਰ ਕਦੇ ਵੀ ਪੰਜਾਬ ਹਿਤੈਸ਼ੀ ਨਹੀਂ ਹੋ ਸਕਦੀ |
ਬਿਜਲੀ ਕੱਟਾਂ ਬਾਰੇ ਚੁੱਪ ਪੰਜਾਬ ਸਰਕਾਰ ਖ਼ਪਤਕਾਰਾਂ ਨੂੰ ਜਵਾਬ ਦੇਵੇ-ਇਯਾਲੀ <br/>
ਅਜੀਤ ਡੈਸਕ
22-04-2026