ਅੰਮਿ੍ਤਸਰ, 24 ਅਪ੍ਰੈਲ (ਸ.ਰ.)-ਸ਼੍ਰੋਮਣੀ ਕਮੇਟੀ ਵਲੋਂ ਛੱਤੀਸਗੜ੍ਹ ਸੂਬੇ 'ਚ ਵੱਸਦੇ ਸਿਕਲੀਗਰ, ਵਣਜਾਰੇ ਸਿੱਖ ਪਰਿਵਾਰਾਂ ਦੇ ਬੱਚਿਆਂ ਦੀਆਂ ਸਕੂਲ-ਕਾਲਜ ਦੀਆਂ ਫੀਸਾਂ ਲਈ 22 ਲੱਖ 35 ਹਜ਼ਾਰ 247 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ | ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਇਹ ਸਹਾਇਤਾ ਰਾਸ਼ੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਨੇ ਛੱਤੀਸਗੜ੍ਹ ਦੇ ਰਾਏਪੁਰ ਸਮੇਤ ਵੱਖ-ਵੱਖ ਥਾਵਾਂ 'ਤੇ ਪੜ੍ਹਦੇ 151 ਸਿਕਲੀਗਰ, ਵਣਜਾਰੇ ਸਿੱਖ ਬੱਚਿਆਂ ਦੀਆਂ ਸਾਲ 2025-26 ਦੀਆਂ ਫੀਸਾਂ ਦੇ ਰੂਪ ਵਿਚ ਸਕੂਲਾਂ/ਕਾਲਜਾਂ ਨੂੰ ਸੌਂਪੀ | ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਸਿਕਲੀਗਰ ਸਿੱਖ ਬੱਚਿਆਂ ਨੂੰ ਸਵੈ-ਨਿਰਭਰ ਬਣਾਉਣ ਲਈ ਹਰ ਸਾਲ ਬੱਚਿਆਂ ਦੀਆਂ ਸਕੂਲ ਫੀਸਾਂ ਦੇ ਰੂਪ ਵਿਚ ਸਹਾਇਤਾ ਕੀਤੀ ਜਾਂਦੀ ਹੈ | ਇਸ ਮੌਕੇ ਇੰਚਾਰਜ ਬਲਦੇਵ ਸਿੰਘ, ਗੁਰਮਤਿ ਵਿਦਿਆਲਾ ਛੱਤੀਸਗੜ੍ਹ ਦੇ ਇੰਚਾਰਜ ਅਜੀਤ ਸਿੰਘ, ਇੰਸਪੈਕਟਰ ਚੰਚਲਦੀਪ ਸਿੰਘ ਵੀ ਮੌਜੂਦ ਸਨ |