ਅੰਮਿ੍ਤਸਰ, 24 ਅਪ੍ਰੈਲ (ਜਸਵੰਤ ਸਿੰਘ ਜੱਸ)-ਕਾਰ ਸੇਵਾ ਸੰਪਰਦਾਇ ਸਰਹਾਲੀ ਵਲੋਂ ਬੀਤੇ ਦਿਨੀ ਬੰਗਲਾਦੇਸ਼ ਵਿਖੇ ਭੇਜੇ ਗਏ 40 ਦੇ ਕਰੀਬ ਸਿੱਖ ਸ਼ਰਧਾਲੂਆਂ ਦੇ ਜਥੇ ਵਲੋਂ ਅੱਜ ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿਖੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਪੁਰਬ ਉਤਸ਼ਾਹ ਸਹਿਤ ਮਨਾਇਆ ਗਿਆ | ਜਥੇ ਦੇ ਮੁਖੀ ਅਤੇ ਕਾਰ ਸੇਵਾ ਸੰਪਰਦਾਇ ਦੇ ਸਕੱਤਰ ਹਰਭਜਨ ਸਿੰਘ ਸੰਧੂ ਨੇ ਢਾਕਾ ਤੋਂ ਫੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਗੁ: ਨਾਨਕਸ਼ਾਹੀ ਢਾਕਾ ਵਿਖੇ ਸਵੇਰੇ ਸਹਿਜ ਪਾਠ ਦੇ ਭੋਗ ਪਾਏ ਜਾਣ ਉਪਰੰਤ ਦੀਵਾਨ ਹਾਲ ਵਿਚ ਬਾਅਦ ਦੁਪਹਿਰ 2 ਵਜੇ ਤੱਕ ਸਜੇ ਗੁਰਮਤਿ ਸਮਾਗਮ ਦੌਰਾਨ ਐਮ.ਕੇ. ਰਾਏ, ਸੁਭਾਸ਼ੀ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸ਼ਬਦ ਕੀਰਤਨ ਗਾਇਨ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਕਮੇਟੀ ਢਾਕਾ ਦੇ ਪ੍ਰਧਾਨ ਅਮਰ ਚੰਦ ਅਤੇ ਜਨਰਲ ਸਕੱਤਰ ਤਪਸ ਚੌਧਰੀ ਨੇ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਅਜੈਬ ਸਿੰਘ ਬੋਪਾਰਾਏ ਪ੍ਰਧਾਨ ਬੰਗਲਾਦੇਸ਼ ਮੈਨੇਜਮੈਂਟ ਬੋਰਡ ਕੋਲਕਾਤਾ ਅਤੇ ਹਰਭਜਨ ਸਿੰਘ ਸੰਧੂ ਵਲੋਂ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਸੁਰਿੰਦਰ ਸਿੰਘ ਸੋਹਲ ਸਮੇਤ ਭਾਰਤ ਤੋਂ ਗਏ ਜਥੇ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ |