ਚੰਡੀਗੜ੍ਹ, 24 ਅਪ੍ਰੈਲ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਹੱਲ ਲਈ ਮਹੱਤਵਪੂਰਨ ਕਦਮ ਚੁੱਕਦੇ ਹੋਏ ਮਹੀਨੇ ਵਿਚ ਦੋ ਐਨ.ਆਰ.ਆਈ. ਮਿਲਣੀਆਂ ਕਰਨ ਦਾ ਫ਼ੈਸਲਾ ਕੀਤਾ ਹੈ | ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਹਰ ਮਹੀਨੇ ਦੇ ਦੂਜੇ ਬੁੱਧਵਾਰ ਨੂੰ ਆਨਲਾਈਨ ਮਿਲਣੀ ਕਰਵਾਈ ਜਾਵੇਗੀ, ਜਦਕਿ ਮਹੀਨੇ ਵਿਚ ਇਕ ਵਾਰ ਡਵੀਜ਼ਨ ਅਨੁਸਾਰ ਭੌਤਿਕ/ਫਿਜ਼ੀਕਲ ਮਿਲਣੀ ਹੋਵੇਗੀ | ਮੰਤਰੀ ਨੇ ਦੱਸਿਆ ਕਿ ਇਹ ਮਿਲਣੀਆਂ ਮਾਲਵਾ-1, ਮਾਲਵਾ-2, ਮਾਝਾ ਅਤੇ ਦੁਆਬਾ ਡਵੀਜ਼ਨਾਂ ਅਨੁਸਾਰ ਕੀਤੀਆਂ ਜਾਣਗੀਆਂ, ਤਾਂ ਜੋ ਹਰ ਖੇਤਰ ਦੇ ਐਨ.ਆਰ.ਆਈ. ਪੰਜਾਬੀਆਂ ਨੂੰ ਆਪਣੀਆਂ ਸਮੱਸਿਆਵਾਂ ਦਰਜ ਕਰਵਾਉਣ ਅਤੇ ਉਨ੍ਹਾਂ ਦਾ ਹੱਲ ਕਰਨ ਦੀ ਲਈ ਸੁਵਿਧਾ ਪ੍ਰਾਪਤ ਹੋ ਸਕੇ | ਉਨ੍ਹਾਂ ਦੱਸਿਆ ਕਿ ਆਨਲਾਈਨ ਮਿਲਣੀ ਲਈ ਦਰਖਾਸਤਾਂ ਹਰ ਮਹੀਨੇ ਨਿਰਧਾਰਤ ਤਰੀਕ ਤੋਂ ਤਿੰਨ ਦਿਨ ਪਹਿਲਾਂ ਤੱਕ ਸਵੀਕਾਰ ਕੀਤੀਆਂ ਜਾਣਗੀਆਂ ਅਤੇ ਮਿਲਣੀ ਵਾਲੇ ਦਿਨ ਉਨ੍ਹਾਂ ਦਾ ਨਿਪਟਾਰਾ ਕੀਤਾ ਜਾਵੇਗਾ |