ਅੰਮਿ੍ਤਸਰ, 24 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਸਿੰਧੂ ਜਲ ਸੰਧੀ 'ਤੇ ਭਾਰਤ ਦੇ ਸਖ਼ਤ ਰੁਖ਼ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਸਾਹਮਣੇ ਇਹ ਮੁੱਦਾ ਉਠਾਇਆ ਹੈ | ਉਸ ਨੇ ਨਾਲ ਹੀ ਸੰਧੀ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੀ ਮੰਗ ਕੀਤੀ | ਸੰਯੁਕਤ ਰਾਸ਼ਟਰ 'ਚ ਪਾਕਿ ਦੇ ਸਥਾਈ ਪ੍ਰਤੀਨਿਧੀ ਅਸੀਮ ਇਫਤਿਖਾਰ ਅਹਿਮਦ ਨੇ ਪਾਕਿ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਦੁਆਰਾ ਲਿਖਿਆ ਪੱਤਰ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪ੍ਰਧਾਨ ਨੂੰ ਸੌਂਪਿਆ | ਪੱਤਰ 'ਚ ਭਾਰਤ ਵਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਨੂੰ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਖ਼ਤਰਾ ਦੱਸਿਆ ਗਿਆ ਹੈ | ਪਾਕਿ ਨੇ ਸੁਰੱਖਿਆ ਪ੍ਰੀਸ਼ਦ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਭਾਰਤ ਨੂੰ ਸਿੰਧੂ ਜਲ ਸੰਧੀ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਲਈ ਕਹੇ | ਇਸ ਤੋਂ ਇਲਾਵਾ ਪਾਕਿ ਵਲੋਂ ਕਸ਼ਮੀਰ ਮੁੱਦਾ ਵੀ ਇਕ ਵਾਰ ਫਿਰ ਕੌਮਾਂਤਰੀ ਮੰਚ 'ਤੇ ਉਠਾਇਆ, ਜਿਸ 'ਚ ਭਾਰਤ 'ਤੇ ਇਕਤਰਫਾ ਅਤੇ ਗੁਮਰਾਹਕੁਨ 'ਪ੍ਰਚਾਰ ਮੁਹਿੰਮ' ਚਲਾਉਣ ਦਾ ਦੋਸ਼ ਲਗਾਇਆ ਹੈ |