ਜਲੰਧਰ, 24 ਅਪ੍ਰੈਲ (ਡਾ. ਜਤਿੰਦਰ ਸਾਬੀ)-ਅਰਜਨ ਐਵਾਰਡੀ ਹਾਕੀ ਓਲੰਪੀਅਨ ਗੁਰਬਖ਼ਸ਼ ਸਿੰਘ ਗਰੇਵਾਲ ਦਾ 24 ਅਪ੍ਰੈਲ ਨੂੰ ਉਨ੍ਹਾਂ ਦੇ ਜੱਦੀ ਘਰ ਜ਼ੀਰਕਪੁਰ ਵਿਖੇ ਦਿਹਾਂਤ ਹੋ ਗਿਆ | ਗੁਰਬਖ਼ਸ਼ ਸਿੰਘ ਗਰੇਵਾਲ ਦਾ ਜਨਮ 1 ਅਪ੍ਰੈਲ 1942 ਨੂੰ ਰਤਨਚੱਕ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ | ਗੁਰਬਖ਼ਸ਼ ਸਿੰਘ ਨੇ ਵੈਸਟਰ ਰੇਲਵੇ 'ਚ ਸੀਨੀਅਰ ਸਪੋਰਟਸ ਅਫ਼ਸਰ ਦੇ ਅਹੁਦੇ ਤੇ ਸੇਵਾ ਕੀਤਾ ਤੇ 1964 ਉਲੰਪਿਕ 'ਚੋ ਸੋਨ ਤਗਮਾ, 1968 ਦੀ ਮੈਕਸੀਕੋ ਉਲੰਪਿਕ 'ਚੋ ਕਾਂਸੀ ਦਾ ਤਗਮਾ (ਜਿਸ 'ਚ ਉਲੰਪਿਕ 'ਚ ਗੁਰਬਖ਼ਸ਼ ਸਿੰਘ ਗਰੇਵਾਲ ਤੇ ਇਨ੍ਹਾਂ ਦੇ ਭਰਾ ਬਲਵੀਰ ਸਿੰਘ ਗਰੇਵਾਲ ਦੋਵਾਂ ਭਰਾਵਾਂ ਨੇ ਭਾਰਤੀ ਹਾਕੀ ਟੀਮ 'ਚ ਨੁਮਾਇੰਦਗੀ ਕਰਕੇ ਇਕ ਰਿਕਾਰਡ ਕਾਇਮ ਕੀਤਾ), 1966 ਏਸ਼ੀਅਨ ਗੇਮਜ਼ 'ਚੋਂ ਸੋਨ ਤਗਮਾ ਜਿੱਤਿਆ ਤੇ ਭਾਰਤ ਸਰਕਾਰ ਨੇ ਗੁਰਬਖ਼ਸ਼ ਸਿੰਘ ਗਰੇਵਾਲ ਨੂੰ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ ਤੇ ਗਰੇਵਾਲ ਨੇ ਲਗਾਤਾਰ 16 ਸਾਲ ਹਾਕੀ ਬੰਗਾਲ ਤੋਂ ਹਾਕੀ ਖੇਡੀ ਤੇ ਇਸ ਤੋਂ ਬਾਦ ਉਹ 1976 ਦੀ ਉਲੰਪਿਕ ਤੇ 1992 ਦੀ ਏਸ਼ੀਅਨ ਗੇਮਜ਼ 'ਚ ਬਤੌਰ ਕੋਚ ਭਾਰਤੀ ਟੀਮ ਨਾਲ ਗਏ | ਗਰੇਵਾਲ 18 ਸਾਲ ਤੱਕ ਭਾਰਤੀ ਹਾਕੀ ਟੀਮ ਦੇ ਸਲੈਕਟਰ ਰਹੇ ਤੇ ਹਾਕੀ ਇੰਡੀਆ ਵੱਲੋਂ ਇਨ੍ਹਾਂ ਨੂੰ ਸਾਲ 2025 'ਚ ਸਭ ਤੋਂ ਉਮਰ ਦਰਾਜ਼ ਹਾਕੀ ਖਿਡਾਰੀ ਵਜੋਂ ਸਨਮਾਨਿਤ ਕੀਤਾ ਗਿਆ | ਸੇਵਾ ਮੁਕਤੀ ਤੋਂ ਬਾਦ ਗੁਰਬਖ਼ਸ਼ ਸਿੰਘ ਗਰੇਵਾਲ ਨੇ 2009 ਤੋਂ 2015 ਤੱਕ ਮੰੁਬਈ ਹਾਕੀ ਐਸੋਸੀਏਸ਼ਨ ਨਾਲ ਬਤੌਰ ਪ੍ਰਧਾਨ, ਸਕੱਤਰ ਤੇ ਹੋਰ ਅਹੁਦਿਆਂ ਤੇ ਸਫਲਤਾ ਪੂਰਵਕ ਕੰਮ ਕੀਤਾ ਤੇ ਉਨ੍ਹਾਂ ਨੇ ਆਪਣੇ 50 ਸਾਲ ਦੇ ਹਾਕੀ ਕੈਰੀਅਰ ਦੌਰਾਨ ਇਕ ਖਿਡਾਰੀ, ਕੋਚ, ਹਾਕੀ ਅੰਪਾਇਰ, ਸਲੈਕਟਰ ਤੇ ਪ੍ਰਬੰਧਕ ਦੇ ਤੌਰ ਤੇ ਕੰਮ ਕੀਤਾ | ਹਾਕੀ ਓਲੰਪੀਅਨ ਗੁਰਬਖ਼ਸ਼ ਸਿੰਘ ਗਰੇਵਾਲ ਦੀ ਹੋਈ ਬੇਵਕਤੀ ਮੌਤ ਤੇ ਹਾਕੀ ਜਗਤ 'ਚ ਸ਼ੋਕ ਦੇ ਲਹਿਰ ਹੈ ਤੇ ਹਾਕੀ ਜਗਤ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟ ਪਿਆ ਹੈ ਜੋ ਕਦੇ ਵੀ ਪੂਰ ਨਹੀ ਕੀਤਾ ਜਾ ਸਕਦਾ |