ਪੰਜਾਬ-ਹਰਿਆਣਾ 'ਚ ਘੱਟ ਝਾੜ ਦਾ ਅਸਰ <br/>
ਅਜੀਤ ਡੈਸਕ
26-04-2026
ਮੂਣਕ, 25 ਅਪ੍ਰੈਲ-ਪੰਜਾਬ ਤੇ ਹਰਿਆਣਾ ਵਿਚ ਇਸ ਸਾਲ ਬੇਮੌਸਮੀ ਮੀਂਹ, ਗੜੇਮਾਰੀ ਤੇ ਮਾਰਚ ਮਹੀਨੇ ਦੀ ਵੱਧ ਗਰਮੀ ਕਾਰਨ ਕਣਕ ਦੀ ਫ਼ਸਲ ਦੇ ਝਾੜ 'ਚ ਕਮੀ ਦੇ ਅਸਾਰ ਹਨ | ਇਸ ਸਥਿਤੀ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਦੇਸ਼ ਪੱਧਰ 'ਤੇ ਕਣਕ ਖ਼ਰੀਦ ਦਾ ਟੀਚਾ ਵਧਾ ਦਿੱਤਾ ਹੈ, ਤਾਂ ਜੋ ਸੰਭਾਵਿਤ ਘਾਟ ਨੂੰ ਪੂਰਾ ਕੀਤਾ ਜਾ ਸਕੇ | ਪਹਿਲਾਂ ਰਬੀ ਮਾਰਕੀਟਿੰਗ ਸੀਜ਼ਨ ਲਈ ਲਗਭਗ 30 ਮਿਲੀਅਨ ਟਨ ਖ਼ਰੀਦ ਦਾ ਟੀਚਾ ਰੱਖਿਆ ਗਿਆ ਸੀ, ਜਿਸਨੂੰ ਹੁਣ ਵਧਾ ਕੇ 34.5 ਮਿਲੀਅਨ ਟਨ ਕਰ ਦਿੱਤਾ ਗਿਆ ਹੈ | ਇਹ ਫ਼ੈਸਲਾ ਉਸ ਵੇਲੇ ਲਿਆ ਗਿਆ ਹੈ ਜਦੋਂ ਪੰਜਾਬ ਅਤੇ ਹਰਿਆਣਾ ਵਰਗੇ ਮੁੱਖ ਅਨਾਜ ਉਤਪਾਦਕ ਰਾਜਾਂ ਵਿਚ ਉਪਜ ਘਟਣ ਦੀ ਸੰਭਾਵਨਾ ਬਣੀ ਹੋਈ ਹੈ | ਪੰਜਾਬ ਵਿਚ ਲਗਭਗ ਡੇਢ ਲੱਖ ਏਕੜ ਵਿਚ ਕਣਕ ਦੀ ਫ਼ਸਲ ਗੜੇਮਾਰੀ ਨਾਲ ਪ੍ਰਭਾਵਿਤ ਹੋਈ ਹੈ | ਇਸ ਤੋਂ ਇਲਾਵਾ, ਮਾਰਚ ਦੀ ਵੱਧ ਗਰਮੀ ਕਾਰਨ ਕਣਕ ਦਾ ਦਾਣਾ ਪਿਚਕਣ ਨਾਲ ਪਿਛਲੇ ਸਾਲ ਨਾਲੋਂ 8 ਤੋਂ 10 ਮਣ ਪ੍ਰਤੀ ਏਕੜ ਝਾੜ ਘੱਟ ਰਹਿਣ ਦੀ ਸੰਭਾਵਨਾ ਹੈ | ਹਰਿਆਣਾ ਵਿਚ ਵੀ ਮੌਸਮੀ ਉਤਾਰ-ਚੜ੍ਹਾਅ ਦਾ ਅਸਰ ਸਪਸ਼ਟ ਹੈ | ਆਮ ਤੌਰ 'ਤੇ ਸਰਕਾਰੀ ਖ਼ਰੀਦ ਵਿਚ ਪੰਜਾਬ ਦਾ ਟੀਚਾ 12-13 ਮਿਲੀਅਨ ਟਨ ਅਤੇ ਹਰਿਆਣਾ ਦਾ 7-8 ਮਿਲੀਅਨ ਟਨ ਰਹਿੰਦਾ ਹੈ, ਪਰ ਇਸ ਸਾਲ ਮਾਹਿਰਾਂ ਅਨੁਸਾਰ ਪੰਜਾਬ ਵਿਚ 0.5 ਤੋਂ 1 ਮਿਲੀਅਨ ਟਨ ਅਤੇ ਹਰਿਆਣਾ ਵਿਚ 0.3 ਤੋਂ 0.7 ਮਿਲੀਅਨ ਟਨ ਤੱਕ ਘਾਟ ਆ ਸਕਦੀ ਹੈ | ਇਸ ਘਾਟ ਨੂੰ ਪੂਰਾ ਕਰਨ ਲਈ ਕੇਂਦਰ ਨੇ ਹੋਰ ਸੂਬਿਆਂ ਵਿਚ ਖ਼ਰੀਦ ਟੀਚੇ ਵਧਾਏ ਹਨ | ਮੱਧ ਪ੍ਰਦੇਸ਼ ਦਾ ਟੀਚਾ 7.8 ਤੋਂ ਵਧਾ ਕੇ 10 ਮਿਲੀਅਨ ਟਨ, ਉੱਤਰ ਪ੍ਰਦੇਸ਼ ਦਾ 1 ਤੋਂ 2.5 ਮਿਲੀਅਨ ਟਨ, ਰਾਜਸਥਾਨ ਦਾ 2.1 ਤੋਂ 2.3 ਮਿਲੀਅਨ ਟਨ ਅਤੇ ਬਿਹਾਰ ਦਾ 18 ਹਜ਼ਾਰ ਟਨ ਤੋਂ ਵਧਾ ਕੇ 1.8 ਲੱਖ ਟਨ ਕੀਤਾ ਗਿਆ ਹੈ | ਮੌਜੂਦਾ ਅੰਕੜਿਆਂ ਅਨੁਸਾਰ ਹੁਣ ਤੱਕ ਲਗਭਗ 16.4 ਮਿਲੀਅਨ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ | ਮਾਹਿਰਾਂ ਅਨੁਸਾਰ, ਭਾਵੇਂ ਪੰਜਾਬ ਅਤੇ ਹਰਿਆਣਾ ਵਿਚ ਟੀਚਾ ਪੂਰਾ ਕਰਨਾ ਮੁਸ਼ਕਿਲ ਹੋ ਸਕਦਾ ਹੈ, ਪਰ ਹੋਰ ਰਾਜਾਂ ਤੋਂ ਵਧੀ ਖ਼ਰੀਦ ਨਾਲ ਕੁੱਲ ਰਾਸ਼ਟਰੀ ਟੀਚਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |