ਭੀਖੀ (ਮਾਨਸਾ), 25 ਅਪ੍ਰੈਲ (ਬਲਕਾਰ ਸਿੰਘ ਸਹੋਤਾ)-ਨੇੜਲੇ ਪਿੰਡ ਸਮਾਓਾ ਵਿਖੇ ਭੀਖੀ ਡਿਸਟਰੀਬਿਊਟਰੀ (ਨਹਿਰ) 'ਚ ਨਹਾਉਣ ਗਏ 2 ਨੌਜਵਾਨਾਂ ਡੁੱਬਣ ਕਾਰਨ ਮੌਤ ਹੋ ਗਈ | ਸਥਾਨਕ ਪੁਲਿਸ ਦੀ ਮਸ਼ੱਕਤ ਸਦਕਾ ਦੋਵਾਂ ਦੀਆਂ ਲਾਸ਼ਾਂ ਪਿੰਡ ਕਿਸ਼ਨਗੜ੍ਹ ਫਰਵਾਹੀ ਹੈੱਡ 'ਤੇ ਨਹਿਰ 'ਚੋਂ ਕੱਢ ਲਈਆਂ ਗਈਆਂ | ਥਾਣਾ ਮੁਖੀ ਗੁਰਮੇਲ ਸਿੰਘ ਭੁੱਲਰ ਨੇ ਦੱਸਿਆ ਕਿ ਕਰਨਪ੍ਰੀਤ ਸਿੰਘ ਤੇ ਦਿਲਪ੍ਰੀਤ ਸਿੰਘ ਵਾਸੀ ਸਮਾਓਾ, ਬਲਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਹਮੀਰਗੜ੍ਹ ਢੈਪਈ ਅਤੇ ਸੁਖਪ੍ਰੀਤ ਸਿੰਘ ਪੁੱਤਰ ਰਾਮਪਾਲ ਸਿੰਘ ਵਾਸੀ ਭੀਖੀ ਜਦੋਂ ਨਹਿਰ 'ਚ ਨਹਾ ਰਹੇ ਸੀ ਤਾਂ ਅਚਾਨਕ ਗੁਰਵਿੰਦਰ ਸਿੰਘ, ਦਿਲਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਡੁੱਬਣ ਲੱਗੇ | ਕਰਨਪ੍ਰੀਤ ਸਿੰਘ ਨੇ ਦਿਲਪ੍ਰੀਤ ਸਿੰਘ ਨੂੰ ਡੁੱਬਣ ਤੋਂ ਬਚਾਅ ਲਿਆ ਪ੍ਰੰਤੂ ਗੁਰਵਿੰਦਰ ਸਿੰਘ (16) ਤੇ ਸੁਖਪ੍ਰੀਤ ਸਿੰਘ (16) ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ | ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਬਠਿੰਡਾ ਤੋਂ ਐਨ. ਡੀ. ਆਰ. ਐਫ਼. ਦੀ ਟੀਮ ਉਚੇਚੇ ਤੌਰ 'ਤੇ ਬੁਲਾਈ ਗਈ ਸੀ | ਇਸ ਮੌਕੇ ਏ.ਐਸ.ਆਈ. ਮਨਜਿੰਦਰ ਸਿੰਘ, ਹੀਰਾ ਸਿੰਘ ਅਤੇ ਸ਼ਮਸ਼ੇਰ ਸਿੰਘ ਸਮੇਤ ਪੁਲਿਸ ਪਾਰਟੀ ਪੂਰੀ ਮੁਸਤੈਦੀ ਨਾਲ ਡਟੀ ਰਹੀ |