ਚੰਡੀਗੜ੍ਹ, 25 ਅਪ੍ਰੈਲ (ਅਜੀਤ ਬਿਊਰੋ)-ਸੂਬੇ ਵਿਚ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਤੇ ਨਰਮੇ ਅਧੀਨ ਰਕਬੇ ਨੂੰ ਹੋਰ ਵਧਾਉਣ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਵਲੋਂ ਪ੍ਰਮਾਣਿਤ ਬੀਟੀ ਕਾਟਨ ਹਾਈਬਿ੍ਡ ਅਤੇ ਦੇਸੀ ਕਪਾਹ ਦੇ ਬੀਜਾਂ 'ਤੇ 33 ਫੀਸਦ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ | ਇਸ ਸਬੰਧੀ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ 87 ਪ੍ਰਵਾਨਿਤ ਬੀਟੀ ਕਾਟਨ ਹਾਈਬਿ੍ਡ ਅਤੇ ਦੇਸੀ ਕਪਾਹ ਦੀਆਂ ਚਾਰ ਕਿਸਮਾਂ - ਐਲ.ਡੀ.1019, ਐਲ.ਡੀ.949, ਐਫ.ਡੀ.ਕੇ.124 ਅਤੇ ਪੀ.ਬੀ.ਡੀ.88 ਵਿਚੋਂ ਕਿਸੇ ਵੀ ਕਿਸਮ ਦੀ ਚੋਣ ਕਰਨ ਵਾਲੇ ਕਿਸਾਨਾਂ ਲਈ ਬੀਜ ਲਾਗਤ ਦਾ ਲਗਭਗ ਇੱਕ ਤਿਹਾਈ ਹਿੱਸੇ ਦੀ ਲਾਗਤ ਦੀ ਸਬਸਿਡੀ ਦਿੱਤੀ ਜਾਵੇਗੀ | ਖੁੱਡੀਆਂ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਇਸ ਸਬਸਿਡੀ ਮਾਡਲ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ | ਪਿਛਲੇ ਸਾਉਣੀ ਸੀਜ਼ਨ ਵਿਚ, ਨਰਮੇ ਦੀ ਕਾਸ਼ਤ ਅਧੀਨ ਰਕਬੇ ਵਿਚ 19 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਸੀ, ਜਿਸ ਨਾਲ ਇਹ ਰਕਬਾ ਸਾਉਣੀ 2024 ਦੇ 1 ਲੱਖ ਹੈਕਟੇਅਰ ਦੇ ਮੁਕਾਬਲੇ ਸਾਉਣੀ 2025 ਵਿਚ ਵਧ ਕੇ 1.19 ਲੱਖ ਹੈਕਟੇਅਰ ਹੋ ਗਿਆ ਸੀ | ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਾਉਣੀ 2026 ਲਈ 1.25 ਲੱਖ ਹੈਕਟੇਅਰ ਨੂੰ ਨਰਮੇ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ ਰੱਖਿਆ ਹੈ | ਕਪਾਹ ਨੂੰ 'ਚਿੱਟਾ ਸੋਨਾ' ਕਰਾਰ ਦਿੰਦਿਆਂ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਖਪਤ ਕਰਨ ਵਾਲੇ ਝੋਨੇ ਦੀ ਥਾਂ ਹੋਰ ਫ਼ਸਲਾਂ ਅਪਣਾਉਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਸਬਸਿਡੀ ਦਾ ਲਾਭ ਲੈਣ ਲਈ ਆਨਲਾਈਨ ਐਪਲੀਕੇਸ਼ਨ ਪੋਰਟਲ 20 ਅਪ੍ਰੈਲ ਤੋਂ ਖੋਲਿ੍ਹਆ ਗਿਆ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਰਜਿਸਟਰਡ ਡੀਲਰਾਂ ਤੋਂ ਪ੍ਰਮਾਣਿਤ ਬੀਜ ਖ਼ਰੀਦਣ ਅਤੇ ਅਰਜ਼ੀਆਂ ਜਮ੍ਹਾਂ ਕਰਨ ਸਮੇਂ ਪੱਕੇ ਬਿੱਲ ਅਪਲੋਡ ਕਰਨ |