ਪਟਿਆਲਾ, 25 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਮਸ਼ੀਨੀ ਬੁੱਧੀ (ਏ.ਆਈ.) ਦੀ ਵਧਦੀ ਵਰਤੋਂ ਨੇ ਜਿਥੇ ਤਕਨੀਕੀ ਖੇਤਰ 'ਚ ਨਵੇਂ ਮੌਕੇ ਪੈਦਾ ਕੀਤੇ ਹਨ ਉਥੇ ਹੀ ਭਾਰਤੀ ਸਮਾਜ 'ਚ ਨਕਾਰਾਤਮਕ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ | ਗਲਤ ਜਾਣਕਾਰੀ ਦੇ ਫੈਲਾਅ, ਠੱਗੀ ਅਤੇ ਮਾਣਹਾਨੀ ਵਾਲੀਆਂ ਘਟਨਾਵਾਂ ਵਿਚ ਵਾਧੇ ਦੇ ਦਰਮਿਆਨ ਨੌਜਵਾਨਾਂ ਵਿਚ ਜਾਲਸਾਜ਼ੀ ਵਾਲੀਆਂ ਵੀਡੀਓ ਬਣਾਉਣ ਦਾ ਰੁਝਾਨ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ | ਮੋਬਾਈਲ ਫੋਨਾਂ 'ਤੇ ਆਸਾਨੀ ਨਾਲ ਉਪਲੱਬਧ ਐਪਾਂ ਅਤੇ ਆਨਲਾਈਨ ਸਾਧਨਾਂ ਨੇ ਇਹ ਪ੍ਰਕਿਰਿਆ ਇੰਨੀ ਸੌਖੀ ਕਰ ਦਿੱਤੀ ਹੈ ਕਿ ਬਿਨਾਂ ਖਾਸ ਤਕਨੀਕੀ ਜਾਣਕਾਰੀ ਦੇ ਵੀ ਕੋਈ ਵਿਅਕਤੀ ਕਿਸੇ ਦੀ ਆਵਾਜ਼ ਜਾਂ ਚਿਹਰਾ ਬਦਲ ਕੇ ਨਕਲੀ ਵੀਡੀਓ ਤਿਆਰ ਕਰ ਸਕਦਾ ਹੈ | ਸਾਈਬਰ ਸੁਰੱਖਿਆ ਏਜੰਸੀਆਂ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਸਾਈਬਰ ਅਪਰਾਧਾਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ | ਮਾਹਿਰਾਂ ਦਾ ਕਹਿਣਾ ਹੈ ਕਿ ਨੌਜਵਾਨ ਸ਼ੁਰੂ ਵਿਚ ਇਸਨੂੰ ਮਨੋਰੰਜਨ ਜਾਂ ਮਜ਼ਾਕ ਵਜੋਂ ਵਰਤਦੇ ਹਨ, ਪਰ ਇਹ ਮਜ਼ਾਕ ਕਈ ਵਾਰ ਗੰਭੀਰ ਅਪਰਾਧ ਦਾ ਰੂਪ ਧਾਰ ਲੈਂਦਾ ਹੈ | ਹਾਲੀਆ ਮਾਮਲਿਆਂ ਵਿਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਸਾਥੀਆਂ ਅਤੇ ਅਧਿਆਪਕਾਂ ਦੀਆਂ ਜਾਲਸਾਜ਼ੀ ਵਾਲੀਆਂ ਵੀਡੀਓ ਤਿਆਰ ਕਰਕੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਨ ਦੇ ਕੇਸ ਸਾਹਮਣੇ ਆਏ ਹਨ | ਇਸ ਕਾਰਨ ਪੀੜਤਾਂ ਨੂੰ ਮਾਨਸਿਕ ਤਣਾਅ ਤੇ ਸਮਾਜਕ ਹਾਨੀ ਝੱਲਣੀ ਪਈ ਹੈ | ਕੁਝ ਮਾਮਲਿਆਂ ਵਿਚ ਪੁਲਿਸ ਵਲੋਂ ਮਾਮਲੇ ਦਰਜ ਕਰਕੇ ਕਾਰਵਾਈ ਵੀ ਕੀਤੀ ਗਈ ਹੈ | ਮਾਹਿਰਾਂ ਅਨੁਸਾਰ ਅਣਪਛਾਤੇ ਸਰੋਤਾਂ ਤੋਂ ਮਿਲਣ ਵਾਲੀਆਂ ਵੀਡੀਓ 'ਤੇ ਤੁਰੰਤ ਵਿਸ਼ਵਾਸ ਕਰਨ ਦੀ ਬਜਾਏ ਪਹਿਲਾਂ ਪੁਸ਼ਟੀ ਕਰਨੀ ਚਾਹੀਦੀ ਹੈ |