ਚੰਡੀਗੜ੍ਹ 25 ਅਪ੍ਰੈਲ (ਅਜੀਤ ਬਿਊਰੋ)-ਕਬੱਡੀ ਖਿਡਾਰੀ ਤੇ ਮਸ਼ਹੂਰ ਜਾਫੀ ਪਾਲਾ ਜਲਾਲਪੁਰੀਆ ਅੱਜ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਿਲ ਹੋ ਗਏ ਹਨ | ਮੁੱਖ ਮੰਤਰੀ ਭਗਵੰਤ ਮਾਨ ਨੇ ਪਾਲਾ ਜਲਾਲਪੁਰੀਆ ਨੂੰ ਰਸਮੀ ਤੌਰ 'ਤੇ ਪਾਰਟੀ ਵਿਚ ਸ਼ਾਮਿਲ ਕੀਤਾ ਤੇ ਉਨ੍ਹਾਂ ਦਾ ਸਵਾਗਤ ਕੀਤਾ | ਪਾਲਾ ਜਲਾਲਪੁਰੀਆ ਕਬੱਡੀ ਦੀ ਦੁਨੀਆ ਵਿਚ ਆਪਣੀ ਬਿਹਤਰੀਨ ਤਕਨੀਕ ਤੇ 'ਕਲੋਜ਼ ਫਾਈਟਰ' ਦੇ ਨਾਮ ਤੋਂ ਮਸ਼ਹੂਰ ਹਨ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਜਲਾਲਪੁਰੀਆ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ | ਪਾਲਾ ਦੇ ਪਾਰਟੀ ਵਿਚ ਆਉਣ ਨਾਲ ਸੂਬੇ ਦੇ ਨੌਜਵਾਨਾਂ ਅਤੇ ਖਿਡਾਰੀਆਂ ਵਿਚ ਇੱਕ ਨਵਾਂ ਉਤਸ਼ਾਹ ਪੈਦਾ ਹੋਵੇਗਾ |