ਨਵੀਂ ਦਿੱਲੀ, 27 ਅਪ੍ਰੈਲ (ਪੀ.ਟੀ.ਆਈ.)-ਭਾਰਤ ਸਰਕਾਰ ਨੇ ਕਿਹਾ ਹੈ ਕਿ ਇਸ ਸਾਲ ਸਾਉਣੀ ਸੀਜ਼ਨ ਵਿਚ 64 ਲੱਖ ਟਨ ਯੂਰੀਆ ਅਤੇ 19 ਲੱਖ ਟਨ ਹੋਰ ਖਾਦਾਂ ਦੀ ਦਰਾਮਦ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਕਿਉਂਕਿ ਪੱਛਮੀ ਏਸ਼ੀਆ ਸੰਕਟ ਕਾਰਨ ਵਿਸ਼ਵ ਪੱਧਰ 'ਤੇ ਖਾਦਾਂ ਦੀਆਂ ਕੀਮਤਾਂ ਲਗਭਗ ਦੁੱਗਣੀਆਂ ਹੋ ਗਈਆਂ ਹਨ ਜਿਸ ਨਾਲ ਆਯਾਤ ਬਿੱਲ ਵਧ ਗਿਆ ਹੈ | ਪੱਛਮੀ ਏਸ਼ੀਆ 'ਚ ਹਾਲ ਹੀ ਦੇ ਘਟਨਾਕ੍ਰਮ ਦੇ ਪ੍ਰਭਾਵਾਂ ਬਾਰੇ ਇਕ ਅੰਤਰ-ਮੰਤਰਾਲਾ ਬ੍ਰੀਫਿੰਗ ਨੂੰ ਸੰਬੋਧਨ ਕਰਦੇ ਹੋਏ ਖਾਦ ਵਿਭਾਗ ਵਿਚ ਵਧੀਕ ਸਕੱਤਰ ਅਪਰਣਾ ਐਸ. ਸ਼ਰਮਾ ਨੇ ਕਿਹਾ ਕਿ ਯੂਰੀਆ ਅਤੇ ਡੀ-ਅਮੋਨੀਅਮ ਫਾਸਫੇਟ (ਡੀ.ਏ.ਪੀ.) ਦੀਆਂ ਪ੍ਰਚੂਨ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਸਾਉਣੀ ਦੇ ਸੀਜ਼ਨ ਲਈ ਲੋੜੀਂਦੀ ਸਪਲਾਈ ਮੌਜੂਦ ਹੈ | ਉਨ੍ਹਾਂ ਅੱਗੇ ਕਿਹਾ ਕਿ ਯੂਰੀਆ ਅਤੇ ਡੀ.ਏ.ਪੀ. ਵਰਗੀਆਂ ਖਾਦਾਂ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਯੂਰੀਆ 266.50 ਰੁਪਏ ਪ੍ਰਤੀ 45 ਕਿੱਲੋਗ੍ਰਾਮ ਬੈਗ ਅਤੇ ਡੀ.ਏ.ਪੀ. 1,350 ਰੁਪਏ ਪ੍ਰਤੀ 50 ਕਿੱਲੋਗ੍ਰਾਮ ਬੈਗ ਦੀ ਕੀਮਤ 'ਤੇ ਵਿਕ ਰਿਹਾ ਹੈ | ਸੰਕਟ ਸ਼ੁਰੂ ਹੋਣ ਤੋਂ ਬਾਅਦ ਯੋਜਨਾਬੱਧ ਆਯਾਤ 'ਚੋਂ 9.4 ਲੱਖ ਟਨ ਯੂਰੀਆ ਪਹਿਲਾਂ ਹੀ ਪ੍ਰਾਪਤ ਹੋ ਚੁੱਕਾ ਹੈ | ਫਰਵਰੀ ਮਹੀਨੇ ਵਿਚ ਇਕ ਗਲੋਬਲ ਟੈਂਡਰ ਰਾਹੀਂ 13.07 ਲੱਖ ਟਨ ਯੂਰੀਆ ਦੀ ਖਰੀਦ ਕੀਤੀ ਗਈ ਸੀ, ਜਦੋਂਕਿ ਹੋਰ 25 ਲੱਖ ਟਨ ਲਈ ਟੈਂਡਰ ਜਾਰੀ ਕੀਤੇ ਗਏ ਹਨ, ਜੋ ਕਿ ਮਈ ਮਹੀਨੇ ਵਿਚ ਆਉਣ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਜ਼ਿਆਦਾਤਰ ਦਰਾਮਦ ਹੋਰਮੁਜ਼ ਜਲਡਮਰੂ ਰਾਹੀਂ ਆ ਰਹੀ ਹੈ¢ ਸਾਨੂੰ ਪੂਰਾ ਭਰੋਸਾ ਹੈ ਕਿ ਸਾਨੂੰ ਸਮੇਂ ਸਿਰ ਸਪਲਾਈ ਮਿਲ ਜਾਵੇਗੀ |