• ਆਦਿੱਤਿਆ ਉਰਫ਼ ਮੱਖਣ ਨੇ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ 'ਤੇ ਕੀਤਾ ਸੀ ਕਤਲ-ਡੀ. ਜੀ. ਪੀ.
ਚੰਡੀਗੜ੍ਹ, 4 ਮਈ (ਅਜੀਤ ਬਿਊਰੋ) ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਕੇਂਦਰੀ ਏਜੰਸੀਆਂ ਅਤੇ ਤਿ੍ਪੁਰਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਕਬੱਡੀ ਪ੍ਰਮੋਟਰ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਸਨਸਨੀਖ਼ੇਜ਼ ਕਤਲ ਵਿਚ ਸ਼ਾਮਿਲ ਸ਼ੂਟਰਾਂ ਵਿਚੋਂ ਇੱਕ ਆਦਿੱਤਿਆ ਉਰਫ਼ ਮੱਖਣ ਨੂੰ ਤਿ੍ਪੁਰਾ ਦੇ ਅਗਰਤਲਾ ਤੋਂ ਗਿ੍ਫ਼ਤਾਰ ਕਰ ਲਿਆ ਹੈ | ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ
ਗੌਰਵ ਯਾਦਵ ਨੇ ਦਿੱਤੀ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਆਦਿੱਤਿਆ ਉਰਫ਼ ਮੱਖਣ, ਜੋ ਕਿ ਅੰਮਿ੍ਤਸਰ ਦਾ ਰਹਿਣ ਵਾਲਾ ਹੈ, ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ, ਹਥਿਆਰ ਦੀ ਨੋਕ 'ਤੇ ਲੁੱਟ-ਖੋਹ, ਐਨ. ਡੀ. ਪੀ. ਐਸ., ਅਸਲ੍ਹਾ ਐਕਟ ਆਦਿ ਨਾਲ ਸਬੰਧਿਤ ਘੱਟੋ-ਘੱਟ 14 ਮਾਮਲੇ ਦਰਜ ਹਨ | ਇਹ ਸਫਲਤਾ ਦੋ ਹੋਰ ਸ਼ੂਟਰਾਂ ਕਰਨ ਪਾਠਕ ਉਰਫ਼ ਕਰਨ ਡਿਫਾਲਟਰ ਅਤੇ ਤਰਨਦੀਪ ਸਿੰਘ ਨੂੰ ਪੱਛਮੀ ਬੰਗਾਲ ਦੇ ਹਾਵੜਾ ਤੋਂ ਉਨ੍ਹਾਂ ਦੇ ਸਾਥੀ ਆਕਾਸ਼ਦੀਪ ਸਮੇਤ ਗਿ੍ਫ਼ਤਾਰ ਕੀਤੇ ਜਾਣ ਤੋਂ ਕੁਝ ਮਹੀਨਿਆਂ ਬਾਅਦ ਸਾਹਮਣੇ ਆਈ ਹੈ | ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਗਿ੍ਫ਼ਤਾਰ ਮੁਲਜ਼ਮ ਆਦਿੱਤਿਆ ਉਰਫ਼ ਮੱਖਣ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ |
ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਕੇਸ ਦਾ ਆਖ਼ਰੀ ਸ਼ੂਟਰ ਤਿ੍ਪੁਰਾ ਤੋਂ ਗਿ੍ਫ਼ਤਾਰ
ਅਜੀਤ ਡੈਸਕ
05-05-2026