17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

'ਆਪ' ਸਰਕਾਰ ਨੇ ਸੂਬੇ 'ਚ ਕੀਤਾ ਬੁਨਿਆਦੀ ਢਾਂਚੇ ਦਾ ਅਹਿਮ ਵਿਕਾਸ-ਹਰਭਜਨ ਸਿੰਘ ਈ.ਟੀ.ਓ. <br/>

Ad Position 21
No active advertisement
ਅਜੀਤ ਡੈਸਕ 05-05-2026

ਪੇਸ਼ਕਸ਼-ਜਤਿੰਦਰ ਪੰਮੀ
ਜਲੰਧਰ, 4 ਮਈ : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ 'ਚ ਬੁਨਿਆਦੀ ਢਾਂਚੇ ਦਾ ਅਹਿਮ ਵਿਕਾਸ ਕੀਤਾ ਹੈ, ਜਿਸ ਵੱਲ ਪਿਛਲੀਆਂ ਸਰਕਾਰਾਂ ਨੇ ਕਦੇ ਧਿਆਨ ਹੀ ਨਹੀਂ ਦਿੱਤਾ ਸੀ | ਇਹ ਵਿਕਾਸ ਨਾ ਸਿਰਫ ਸੜਕਾਂ ਦੀ ਮੁਰੰਮਤ, ਨਵੀਆਂ ਸੜਕਾਂ ਬਣਾਉਣ ਜਾਂ ਸੜਕਾਂ ਚੌੜੀਆਂ ਕਰਨ ਤਕ ਸੀਮਤ ਰੱਖਿਆ ਹੈ ਬਲਕਿ ਸੂਬੇ ਦੀਆਂ ਮੰਡੀਆਂ, ਹਸਪਤਾਲਾਂ, ਸਕੂਲਾਂ ਅਤੇ ਖੇਡ ਮੈਦਾਨਾਂ ਦੀ ਉਸਾਰੀ ਕਰਕੇ ਵੀ ਕੀਤਾ ਗਿਆ ਹੈ | ਇਹ ਪ੍ਰਗਟਾਵਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਵਲੋਂ ਜਿੱਥੇ ਬੁਨਿਆਦੀ ਢਾਂਚਾ ਉਸਾਰਨ ਲਈ ਵੱਡੇ ਪੱਧਰ 'ਤੇ ਕੰਮ ਕੀਤਾ ਹੈ, ਉਥੇ ਹੀ ਚਾਰ ਸਾਲਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਨੇ ਵਿਭਾਗ 'ਚ ਹੋਣ ਵਾਲੇ ਭਿ੍ਸ਼ਟਾਚਾਰ ਤੇ ਇਸ ਵਿਚਲੀਆਂ ਖਾਮੀਆਂ ਨੂੰ ਖਤਮ ਕਰਨ ਲਈ ਟੈਂਡਰਾਂ ਦੀ ਪ੍ਰਕਿਰਿਆ 'ਚ ਪਾਰਦਰਸ਼ਤਾ ਲਿਆਂਦੀ ਹੈ | ਇਸ ਸੁਧਾਰ ਰਾਹੀਂ ਵਿਭਾਗ ਨੇ ਹੁਣ ਤਕ 1464 ਕਰੋੜ ਰੁਪਏ ਬਚਾਏ ਹਨ ਜੋ ਕਿ ਕੁੱਲ ਰਕਮ ਦਾ 14 ਫੀਸਦੀ ਹਿੱਸਾ ਬਣਦਾ ਹੈ | ਉਨ੍ਹਾਂ ਕਿਹਾ ਕਿ ਵਿਭਾਗ ਦੀ ਮੌਜੂਦਾ ਟੈਂਡਰ ਪ੍ਰਕਿਰਿਆ ਤਹਿਤ ਸੜਕ ਬਣਾਉਣ ਵਾਲੇ ਠੇਕੇਦਾਰ ਦੀ ਪੰਜ ਸਾਲ ਤਕ ਉਸ ਸੜਕ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਹੋਵੇਗੀ | ਜੇਕਰ ਸੜਕ ਮਾੜੀ ਬਣਦੀ ਹੈ ਜਾਂ ਖਰਾਬ ਹੁੰਦੀ ਹੈ ਤਾਂ ਉਸ ਦਾ ਮੁੜ ਨਿਰਮਾਣ ਉਸੇ ਠੇਕੇਦਾਰ ਨੂੰ ਕਰਨਾ ਪਵੇਗਾ | ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਦਾ ਇਹ ਫਾਇਦਾ ਹੋਇਆ ਕਿ ਠੇਕੇਦਾਰਾਂ ਨੇ ਸੜਕਾਂ ਬਣਾਉਣ ਦੀ ਗੁਣਵੱਤਾ 'ਚ ਵੱਡੇ ਪੱਧਰ 'ਤੇ ਸੁਧਾਰ ਕੀਤਾ ਹੈ |ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਮਾੜੀ ਕੁਆਲਿਟੀ ਦੀ ਸੜਕ ਬਣਾਉਣਗੇ ਤਾਂ ਉਨ੍ਹਾਂ ਨੂੰ ਹੀ ਮੁੜ ਬਣਾਉਣੀ ਪਵੇਗੀ | ਉਨ੍ਹਾਂ ਕਿਹਾ ਕਿ ਸੜਕਾਂ ਦੀ ਗੁਣਵੱਤਾ ਜਾਂਚਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਐਮ ਫਲਾਇੰਗ ਸਕੁਐਡ ਬਣਾ ਦਿੱਤਾ ਹੈ, ਜਿਸ ਵਿਚ ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹਨ, ਜੋ ਨਵੀਆਂ ਬਣਨ ਵਾਲੀਆਂ ਸੜਕਾਂ ਦੀ ਗੁਣਵੱਤਾ ਦੀ ਜਾਂਚ ਕਰਦੇ ਹਨ | ਵਿਭਾਗ ਦਾ ਆਪਣਾ ਵੀ ਕੁਆਲਿਟੀ ਕੰਟਰੋਲ ਵਿੰਗ ਹੈ, ਉਹ ਵੀ ਆਪਣੇ ਪੱਧਰ 'ਤੇ ਜਾਂਚ ਕਰਦਾ ਹੈ | ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਤੇ ਮੰਡੀ ਬੋਰਡ ਵਲੋਂ ਮਿਲ ਕੇ ਸੂਬੇ 'ਚ 45,000 ਕਿਲੋਮੀਟਰ ਸੜਕਾਂ ਬਣਾਈਆਂ ਜਾ ਰਹੀਆਂ ਹਨ | 30 ਜੂਨ ਤਕ ਇਨ੍ਹਾਂ ਦੇ ਨਿਰਮਾਣ ਦਾ ਕੰਮ ਪੂਰਾ ਕਰ ਲਿਆ ਜਾਵੇਗਾ, ਜਿਸ ਲਈ ਪੱਥਰ ਪੈਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਲੁੱਕ ਪਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਹੜ੍ਹਾਂ ਕਾਰਨ ਟੁੱਟੀਆਂ ਸੜਕਾਂ ਬਾਰੇ ਗੱਲ ਕਰਦਿਆਂ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਮੀਂਹ ਤੇ ਹੜ੍ਹ ਦੇ ਪਾਣੀ ਕਾਰਨ ਟੁੱਟੀਆਂ ਸੜਕਾਂ ਅਤੇ ਦਰਿਆਵਾਂ ਦੇ ਧੁੱਸੀ ਬੰਨ੍ਹ ਮਜ਼ਬੂਤ ਕਰਨ 'ਤੇ 62 ਕਰੋੜ ਰੁਪਏ ਖਰਚੇ ਗਏ ਹਨ | 2027 ਦੀਆਂ ਚੋਣਾਂ ਲਈ ਯੋਜਨਾਬੰਦੀ ਬਾਰੇ ਪੁੱਛੇ ਜਾਣ 'ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਜਿਹੜੀਆਂ ਪੰਜ ਗਾਰੰਟੀਆਂ ਦਿੱਤੀਆਂ ਸਨ, ਉਹ ਪੂਰੀਆਂ ਕਰ ਦਿੱਤੀਆਂ ਹਨ | ਇਸ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਾਗੂ ਕਰਕੇ ਪੰਜਾਬ ਦੇ ਲੋਕਾਂ ਦਾ ਜੀਵਨ ਹੋਰ ਵਧੇਰੇ ਸੁਰੱਖਿਅਤ ਬਣਾਇਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 'ਆਪ' ਸਰਕਾਰ ਵਲੋਂ ਚਾਰ ਸਾਲਾਂ ਦੌਰਾਨ ਕੀਤੇ ਗਏ ਕੰਮਾਂ ਤੋਂ ਪੂਰੀ ਤਰ੍ਹਾਂ ਖੁਸ਼ ਹਨ ਅਤੇ 2027 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਪਹਿਲਾਂ ਨਾਲੋਂ ਵੱਡੀ ਜਿੱਤ ਦਿਵਾਉਣਗੇ ਅਤੇ ਇਸ ਦਾ ਡਰ ਵਿਰੋਧੀਆਂ ਨੂੰ ਸਤਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ, ਭਾਜਪਾ ਤੇ ਅਕਾਲੀ ਦਲ 'ਚੋਂ ਕਿਸੇ ਵੀ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ |

Ad Position 22
No active advertisement
ਪਿਛਲੀ ਖ਼ਬਰ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਕੇਸ ਦਾ ਆਖ਼ਰੀ ਸ਼ੂਟਰ ਤਿ੍ਪੁਰਾ ਤੋਂ ਗਿ੍ਫ਼ਤਾਰ ਅਗਲੀ ਖ਼ਬਰ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਬਿਜਲੀ ਦੀ ਮੰਗ ਘਟ ਕੇ 4 ਹਜ਼ਾਰ ਮੈਗਾਵਾਟ ਪਹੁੰਚੀ
Ad Position 24