ਅੰਮਿ੍ਤਸਰ, 6 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਨਜ਼ਰੀਆਤੀ ਪਾਰਟੀ ਦੇ ਚੇਅਰਮੈਨ ਸ਼ਹੀਰ ਹੈਦਰ ਸਿਆਲਵੀ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਮੰਨਿਆ ਹੈ ਕਿ ਪਾਕਿਸਤਾਨੀ ਫ਼ੌਜ ਨੇ ਭਾਰਤੀ ਫ਼ੌਜ ਦੇ ਆਪ੍ਰੇਸ਼ਨ ਸੰਧੂਰ 'ਚ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਮੌਲਾਨਾ ਹਾਫ਼ਿਜ਼ ਸਈਦ ਅਤੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਲਈ ਲੜਾਈ ਲੜੀ | ਪਾਕਿ ਦੇ ਮੁਰੀਦਕੇ ਅਤੇ ਬਹਾਵਲਪੁਰ ਸ਼ਹਿਰਾਂ 'ਚ ਭਾਰਤੀ ਹਮਲਿਆਂ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਫ਼ੌਜੀ ਸਨਮਾਨ ਦਿੱਤੇ | ਸਿਆਲਵੀ ਦਾ ਇਹ ਬਿਆਨ ਸਾਬਤ ਕਰਦਾ ਹੈ ਕਿ ਪਾਕਿਸਤਾਨ ਹਾਫ਼ਿਜ਼ ਸਈਦ ਅਤੇ ਮਸੂਦ ਅਜ਼ਹਰ ਵਰਗੇ ਅੱਤਵਾਦੀਆਂ ਨੂੰ ਆਪਣੀ ਸੁਰੱਖਿਆ ਮੰਨਦਾ ਹੈ | ਸਿਆਲਵੀ ਨੇ ਮੰਨਿਆ ਹੈ ਕਿ ਪਾਕਿਸਤਾਨੀ ਫ਼ੌਜ ਨੇ ਪਹਿਲੀ ਵਾਰ ਮੁੰਬਈ ਹਮਲਿਆਂ ਦੇ ਸਾਜ਼ਿਸ਼ਕਾਰ ਹਾਫ਼ਿਜ਼ ਸਈਦ ਅਤੇ ਮਸੂਦ ਅਜ਼ਹਰ ਲਈ ਲੜਾਈ ਲੜੀ | ਉਸ ਨੇ ਇਹ ਵੀ ਮੰਨਿਆ ਕਿ ਭਾਰਤ ਨੇ 10 ਮਈ ਨੂੰ ਮੁਰੀਦਕੇ (ਲਸ਼ਕਰ-ਏ-ਤੋਇਬਾ ਦੇ ਹੈੱਡਕੁਆਟਰ) ਅਤੇ ਬਹਾਵਲਪੁਰ (ਜੈਸ਼-ਏ-ਮੁਹੰਮਦ ਦੇ ਹੈੱਡਕੁਆਟਰ) 'ਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ | ਇਨ੍ਹਾਂ ਹਮਲਿਆਂ 'ਚ ਬਹੁਤ ਸਾਰੇ ਅੱਤਵਾਦੀ ਮਾਰੇ ਗਏ ਸਨ | ਅੱਤਵਾਦੀਆਂ ਦੇ ਅੰਤਿਮ ਜਨਾਜ਼ਿਆਂ ਦੀ ਨਮਾਜ਼ ਕਿਸੇ ਮੌਲਵੀ ਜਾਂ ਮੁਫ਼ਤੀ ਦੁਆਰਾ ਨਹੀਂ, ਸਗੋਂ ਪਾਕਿਸਤਾਨੀ ਫ਼ੌਜ ਦੇ ਇਕ ਧਾਰਮਿਕ ਅਧਿਕਾਰੀ ਦੁਆਰਾ ਪੜ੍ਹੀ ਗਈ | ਵਰਦੀ ਪਹਿਨੇ ਪਾਕਿਸਤਾਨੀ ਸੈਨਿਕਾਂ ਨੇ ਇਨ੍ਹਾਂ ਅੱਤਵਾਦੀਆਂ ਦੀਆਂ ਲਾਸ਼ਾਂ ਚੁੱਕੀਆਂ | ਲਸ਼ਕਰ-ਏ-ਤੋਇਬਾ ਵਲੋਂ ਬੁਲਾਈ ਪ੍ਰੈੱਸ ਕਾਨਫ਼ਰੰਸ 'ਚ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੀ ਸਿਆਸੀ ਜਮਾਤ ਪੀ. ਐੱਮ. ਐੱਲ. ਐੱਲ. (ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ) ਦਾ ਸੂਚਨਾ ਸਕੱਤਰ ਅਤੇ ਅਮਰੀਕਾ ਦੁਆਰਾ ਨਾਮਜ਼ਦ ਅੱਤਵਾਦੀ ਡਾ: ਮੁਜ਼ਮਿਲ ਇਕਬਾਲ ਹਾਸ਼ਮੀ ਵੀ ਮੌਜੂਦ ਸੀ |