ਚੰਡੀਗੜ੍ਹ, 8 ਮਈ (ਅਜੀਤ ਬਿਊਰੋ)-ਸੂਬੇ ਵਿਚ ਸੁਰੱਖਿਅਤ ਅਤੇ ਉੱਚ-ਗੁਣਵੱਤਾ ਵਾਲੇ ਭੋਜਨ ਉਤਪਾਦਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਆਦੇਸ਼ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਫੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ (ਐਫ.ਡੀ.ਏ.) ਪੰਜਾਬ ਨੇ ਸੂਬੇ ਵਿਚ ਦੁੱਧ ਦੇ ਨਮੂਨੇ ਲੈਣ ਲਈ ਦੋ ਰੋਜ਼ਾ ਮੁਹਿੰਮ ਬੁੱਧਵਾਰ ਅਤੇ ਵੀਰਵਾਰ ਨੂੰ ਚਲਾਈ ਗਈ | ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ਅਤੇ ਐਫ.ਡੀ.ਏ. ਪੰਜਾਬ ਦੇ ਕਮਿਸ਼ਨਰ ਕੰਵਲਪ੍ਰੀਤ ਬਰਾੜ ਦੀ ਨਿਗਰਾਨੀ ਹੇਠ ਚਲਾਈ ਗਈ ਇਹ ਮੁਹਿੰਮ ਡੇਅਰੀ ਸਪਲਾਈ ਚੇਨ ਦੇ ਵੱਖ-ਵੱਖ ਪਹਿਲੂਆਂ 'ਤੇ ਕੇਂਦਰਿਤ ਸੀ | ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਭਰ ਵਿਚ ਤੜਕਸਾਰ ਨਾਕੇ ਲਗਾਏ ਗਏ ਸਨ, ਜਿਨ੍ਹਾਂ ਤਹਿਤ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿਚ ਡੇਅਰੀ ਫਾਰਮਾਂ, ਸੰਗ੍ਰਹਿ ਕੇਂਦਰਾਂ, ਪ੍ਰੋਸੈਸਿੰਗ ਯੂਨਿਟਾਂ ਅਤੇ ਪ੍ਰਚੂਨ ਦੀਆਂ ਦੁਕਾਨਾਂ ਤੋਂ ਦੁੱਧ ਦੇ 200 ਨਮੂਨੇ ਲਏ ਗਏ | ਇਕੱਠੇ ਕੀਤੇ ਨਮੂਨਿਆਂ ਨੂੰ ਮਿਲਾਵਟ, ਅਸ਼ੁੱਧੀ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਦਾ ਪਤਾ ਲਗਾਉਣ ਹਿੱਤ ਜਾਂਚ ਵਾਸਤੇ ਮਾਨਤਾ ਪ੍ਰਾਪਤ ਸਟੇਟ ਫੂਡ ਲੈਬਾਰਟਰੀ ਵਿਚ ਭੇਜਿਆ ਗਿਆ ਹੈ | ਉਨ੍ਹਾਂ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਫੂਡ ਬਿਜ਼ਨਸ ਆਪਰੇਟਰ (ਐਫ.ਬੀ.ਓ.) ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਉਪਬੰਧਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ |
ਪੰਜਾਬ ਭਰ 'ਚ ਦੋ-ਰੋਜ਼ਾ ਮਿਲਕ ਸੈਂਪਲਿੰਗ ਮੁਹਿੰਮ ਚਲਾਈ, ਸਿਹਤ ਮੰਤਰੀ ਨੇ ਮਿਲਾਵਟਖ਼ੋਰਾਂ ਨੂੰ ਦਿੱਤੀ ਚਿਤਾਵਨੀ <br/>
ਅਜੀਤ ਡੈਸਕ
09-05-2026