ਗੁਰੂਹਰਸਹਾਏ (ਫਿਰੋਜ਼ਪੁਰ), 8 ਮਈ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਨੇੜਲੇ ਪਿੰਡ ਸਰੂਪ ਸਿੰਘ ਵਾਲਾ ਦੀ ਸਰਪੰਚ ਕੁਸ਼ੱਲਿਆ ਰਾਣੀ ਦੇ ਬੇਟੇ ਲਖਵਿੰਦਰ ਸਿੰਘ ਦੀ ਕਿਸਮਤ ਉਸ ਵੇਲੇ ਚਮਕ ਗਈ, ਜਦੋਂ ਉਸ ਦੀ ਇਕ ਕਰੋੜ ਰੁਪਏ ਦੀ ਲਾਟਰੀ ਨਿਕਲੀ | ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਜਲਾਲਾਬਾਦ ਵਿਖੇ ਸਥਿਤ ਸ਼ਾਹ ਜੀ ਲਾਟਰੀ ਤੋਂ 5 ਮਈ ਨੂੰ ਸ਼ਾਮ ਕਰੀਬ 5:30 ਵਜੇ 175 ਰੁਪਏ ਟਿਕਟ ਖ਼ਰੀਦੀ ਸੀ | ਟਿਕਟ ਖ਼ਰੀਦਣ ਤੋਂ ਕੁੱਝ ਸਮੇਂ ਬਾਅਦ ਹੀ ਲਾਟਰੀ ਦਾ ਨਤੀਜਾ ਆ ਗਿਆ | ਪਰ ਉਹ ਉਸ ਵੇਲੇ ਕਿਸੇ ਕੰਮ ਸਬੰਧੀ ਦੋ-ਤਿੰਨ ਦਿਨ ਲਈ ਬਾਹਰ ਚਲਾ ਗਿਆ ਸੀ | ਉਸ ਨੇ ਦੱਸਿਆ ਕਿ ਦੋ ਦਿਨ ਬਾਅਦ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਦੇਖੀ, ਜਿਸ ਵਿਚ ਸ਼ਾਹ ਜੀ ਲਾਟਰੀ ਵਾਲਿਆਂ ਵਲੋਂ ਕਿਹਾ ਜਾ ਰਿਹਾ ਸੀ ਕਿ ਇਕ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ, ਪਰ ਜੇਤੂ ਵਿਅਕਤੀ ਨਾਲ ਸੰਪਰਕ ਨਹੀਂ ਹੋ ਰਿਹਾ | ਇਸ ਤੋਂ ਬਾਅਦ ਲਖਵਿੰਦਰ ਸਿੰਘ ਨੇ ਘਰ ਆ ਕੇ ਆਪਣੀ ਟਿਕਟ ਦਾ ਨੰਬਰ ਮਿਲਾਇਆ ਤਾਂ ਪਤਾ ਲੱਗਿਆ ਕਿ ਜੇਤੂ ਟਿਕਟ ਉਸ ਦੀ ਹੀ ਹੈ | ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਨਾਲ ਜੁੜੇ ਹੋਏ ਹਨ ਅਤੇ ਇਸ ਇਨਾਮ ਨਾਲ ਉਹ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ-ਨਾਲ ਭਵਿੱਖ ਲਈ ਵੀ ਯੋਜਨਾਬੰਦੀ ਕਰਨਗੇ |
ਫ਼ਿਰੋਜ਼ਪੁਰ ਦੇ ਨੌਜਵਾਨ ਦੀ ਇਕ ਕਰੋੜ ਦੀ ਲਾਟਰੀ ਨਿਕਲੀ <br/>
ਅਜੀਤ ਡੈਸਕ
09-05-2026