ਜਲੰਧਰ, 8 ਮਈ (ਜਸਪਾਲ ਸਿੰਘ)-ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਖਰੜ (ਮੁਹਾਲੀ) ਦੀ ਇਕ ਜੇਲ੍ਹ ਵਿਚ ਹੋਈ ਇੰਟਰਵਿਊ ਦੇ ਬਹੁ-ਚਰਚਿਤ ਮਾਮਲੇ ਦੀ ਜਾਂਚ ਕਰ ਰਹੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜਸਟਿਸ ਰਾਜੀਵ ਨਾਰਾਇਣ ਰੈਣਾ ਨੇ ਆਪਣੀ ਰਿਪੋਰਟ 'ਚ ਮੁਹਾਲੀ ਦੇ ਤਤਕਾਲੀ ਐਸ. ਐਸ. ਪੀ. ਵਿਵੇਕ ਸ਼ੀਲ ਸੋਨੀ ਨੂੰ ਨਿਰਦੋਸ਼ ਪਾਉਂਦੇ ਹੋਏ ਕਲੀਨ ਚਿੱਟ ਦਿੱਤੀ ਹੈ | ਜਸਟਿਸ ਰੈਣਾ ਨੇ ਪੰਜਾਬ ਸਰਕਾਰ ਨੂੰ ਸੌਂਪੀ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਇਸ ਮਾਮਲੇ 'ਚ ਆਈ. ਪੀ. ਐਸ. ਅਧਿਕਾਰੀ ਵਿਵੇਕ ਸੋਨੀ ਦਾ ਕੋਈ ਰੋਲ ਸਾਹਮਣੇ ਨਹੀਂ ਆਇਆ ਤੇ ਇਕ ਆਈ. ਪੀ. ਐਸ. ਨੂੰ ਕੇਵਲ ਇਸ ਕਰਕੇ ਦੋਸ਼ੀ ਠਹਿਰਾਉਣਾ ਕਿ ਉਹ ਮੌਕੇ ਦੇ ਅਫਸਰ ਸਨ, ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ | ਜਾਂਚ ਰਿਪੋਰਟ 'ਚ ਇਹ ਸਾਹਮਣੇ ਆਇਆ ਹੈ ਕਿ ਇਕ ਨਿੱਜੀ ਚੈਨਲ 'ਤੇ 14 ਮਾਰਚ 2023 ਨੂੰ ਪ੍ਰਸਾਰਿਤ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਸਾਲ 2022 ਦੀ 3 ਤੇ 4 ਸਤੰਬਰ ਦੀ ਰਾਤ ਨੂੰ ਰਿਕਾਰਡ ਕੀਤੀ ਗਈ ਸੀ ਪਰ ਇਸ ਨੂੰ ਪ੍ਰਸਾਰਿਤ ਬਾਅਦ 'ਚ ਕੀਤਾ ਗਿਆ | ਇਸ ਸੰਬੰਧੀ ਪੰਜਾਬ ਪੁਲਿਸ ਦੇ ਮੁਖੀ (ਡੀ. ਜੀ. ਪੀ.) ਵਲੋਂ ਵੀ 16 ਮਾਰਚ 2023 ਨੂੰ ਸਪੱਸ਼ਟ ਕੀਤਾ ਗਿਆ ਸੀ ਕਿ ਇਹ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ 'ਚ ਰਿਕਾਰਡ ਨਹੀਂ ਹੋਈ ਹੈ | ਇਸੇ ਤਰ੍ਹਾਂ ਦੂਸਰੀ ਇੰਟਰਵਿਊ ਜੋ 17 ਮਾਰਚ ਨੂੰ ਪ੍ਰਸਾਰਿਤ ਕੀਤੀ ਗਈ, ਉਹ ਰਾਜਸਥਾਨ 'ਚ ਰਿਕਾਰਡ ਕੀਤੀ ਦੱਸੀ ਗਈ ਹੈ ਤੇ ਇਸ ਇੰਟਰਵਿਊ ਨਾਲ ਵੀ ਆਈ. ਪੀ. ਐਸ. ਅਧਿਕਾਰੀ ਦਾ ਕੋਈ ਸੰਬੰਧ ਸਾਹਮਣੇ ਨਹੀਂ ਆਇਆ | ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਪ੍ਰਸਤਾਵ 'ਤੇ 21 ਫਰਵਰੀ 2025 ਨੂੰ ਸੇਵਾਮੁਕਤ ਜਸਟਿਸ ਰਾਜੀਵ ਨਾਰਾਇਣ ਰੈਣਾ ਨੂੰ ਮਾਮਲੇ ਦਾ ਜਾਂਚ ਅਧਿਕਾਰੀ ਨਿਯੁਕਤ ਕਰ ਦਿੱਤਾ ਤੇ ਉਨ੍ਹਾਂ ਨੂੰ ਤਿੰਨ ਮਹੀਨਿਆਂ 'ਚ ਜਾਂਚ ਰਿਪੋਰਟ ਦੇਣ ਲਈ ਕਿਹਾ ਗਿਆ | ਜਿਸ 'ਤੇ ਜਸਟਿਸ ਰੈਣਾ ਨੇ ਮਾਮਲੇ ਦੀ ਜਾਂਚ ਕਰਨ ਉਪਰੰਤ ਰਿਪੋਰਟ ਪਿਛਲੇ ਸਾਲ 31 ਦਸੰਬਰ ਨੂੰ ਹੀ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਸੀ, ਜਿਸ ਵਿਚ ਉਨ੍ਹਾਂ ਵਿਵੇਕ ਸ਼ੀਲ ਸੋਨੀ ਨੂੰ ਨਿਰਦੋਸ਼ ਦੱਸਦੇ ਹੋਏ ਸਰਕਾਰ ਨੂੰ ਉਨ੍ਹਾਂ ਖਿਲਾਫ ਲੱਗੇ ਸਾਰੇ ਦੋਸ਼ ਖਾਰਜ ਕਰਨ ਦੀ ਸਿਫਾਰਿਸ਼ ਕੀਤੀ ਸੀ | ਇਸ ਜਾਂਚ ਰਿਪੋਰਟ ਦੀ ਇਕ ਕਾਪੀ ਜਸਿਟਸ ਰੈਣਾ ਵਲੋਂ ਹਾਈ ਕੋਰਟ ਨੂੰ ਵੀ ਸੌਂਪੀ ਜਾ ਚੁੱਕੀ ਹੈ |
ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ 'ਚ ਤਤਕਾਲੀ ਐਸ.ਐਸ.ਪੀ. ਵਿਵੇਕ ਸੋਨੀ ਨੂੰ ਕਲੀਨ ਚਿੱਟ
ਅਜੀਤ ਡੈਸਕ
09-05-2026