ਚੰਡੀਗੜ੍ਹ, 8 ਮਈ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੱਖ-ਵੱਖ ਖੇਤਰਾਂ 'ਚ ਹਰਿਆਣਾ ਅਤੇ ਪੰਜਾਬ ਨਾਲ ਸਬੰਧਤ ਤੱਥਾਂ ਅਤੇ ਅੰਕੜਿਆਂ ਦੀ ਤੁਲਨਾ ਕਰਦਿਆਂ ਪੰਜਾਬ ਸਰਕਾਰ ਨੂੰ ਫੇਲ੍ਹ ਸਰਕਾਰ ਦੱਸਿਆ | ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਤਾਂ ਅੱਜ ਪੱਛਮੀ ਬੰਗਾਲ ਤੋਂ ਵੀ ਮਾੜੇ ਹੋ ਗਏ ਹਨ | ਉਹ ਸ਼ੁੱਕਰਵਾਰ ਨੂੰ ਹਰਿਆਣਾ ਨਿਵਾਸ 'ਚ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਦੇ ਖਾਤਿਆਂ 'ਚ ਲਾਭ ਰਾਸ਼ੀ ਦੇ ਸਿੱਧੇ ਤਬਾਦਲੇ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ | ਮੁੱਖ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੇ ਕਾਰਜਕਾਲ 'ਚ ਆਮ ਜਨਤਾ 'ਤੇ ਜ਼ੁਲਮ ਹੁੰਦਾ ਸੀ, ਲੋਕਾਂ ਨੂੰ ਦਿਨ-ਦਿਹਾੜੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਅਤੇ ਪੁਲਿਸ 'ਚ ਐੱਫ.ਆਈ.ਆਰ. ਤੱਕ ਦਰਜ ਨਹੀਂ ਹੁੰਦੀ ਸੀ | ਕੁਝ ਅਜਿਹੇ ਹੀ ਹਾਲਾਤ ਅੱਜ ਪੰਜਾਬ 'ਚ ਹੋ ਗਏ ਹਨ | ਪੰਜਾਬ 'ਚ ਨਸ਼ਾ ਅਤੇ ਕਾਨੂੰਨ ਵਿਵਸਥਾ ਸਰਕਾਰ ਦੇ ਨਿਯੰਤਰਣ ਤੋਂ ਬਾਹਰ ਹੈ | ਹਾਲ ਹੀ 'ਚ ਪੰਜਾਬ 'ਚ ਹੋਏ ਬੰਬ ਧਮਾਕਿਆਂ ਦੇ ਸਬੰਧ 'ਚ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ ਜਦੋਂਕਿ ਉਥੋਂ ਦੇ ਡੀ.ਜੀ.ਪੀ.ਦੇ ਅਨੁਸਾਰ ਇਸ ਦੇ ਤਾਰ ਆਈ.ਐੱਸ.ਆਈ. ਨਾਲ ਜੁੜੇ ਹੋ ਸਕਦੇ ਹਨ | ਪੰਜਾਬ ਸਰਕਾਰ ਨਸ਼ਿਆਂ ਅਤੇ ਮਾਈਨਿੰਗ ਨੂੰ ਨਿਯੰਤਰਣ ਕਰਨ ਦਾ ਝੂਠਾ ਵਿਖਾਵਾ ਕਰ ਰਹੀ ਹੈ | ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਲੋਕ ਕਾਂਗਰਸ ਦੇ ਭਿ੍ਸ਼ਟਾਚਾਰ ਤੋਂ ਤੰਗ ਹੋ ਗਏ ਸਨ, ਪ੍ਰੰਤੂ ਹੁਣ ਮੌਜੂਦਾ ਪੰਜਾਬ ਸਰਕਾਰ ਤਾਂ ਭਿ੍ਸ਼ਟਾਚਾਰ ਦੇ ਮਾਮਲੇ 'ਚ ਕਾਂਗਰਸ ਤੋਂ ਵੀ ਚਾਰ ਕਦਮ ਅੱਗੇ ਨਿਕਲ ਗਈ ਹੈ |
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਸਰਕਾਰ ਨੂੰ ਤੱਥਾਂ ਤੇ ਅੰਕੜਿਆਂ ਦੇ ਨਾਲ ਘੇਰਿਆ <br/>
ਅਜੀਤ ਡੈਸਕ
09-05-2026