ਜੈਪੁਰ/ ਨਵੀਂ ਦਿੱਲੀ, 8 ਮਈ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸੰਧੂਰ ਰਾਸ਼ਟਰੀ ਹਿਤਾਂ ਦੀ ਰੱਖਿਆ ਲਈ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਤੇਜ਼, ਸਟੀਕ ਅਤੇ ਸਾਂਝੀ ਪ੍ਰਤੀਕਿਰਿਆ ਦਾ ਇਕ ਪ੍ਰਮਾਣ ਹੈ | ਨਾਲ ਹੀ ਉਨ੍ਹਾਂ ਨੇ ਫ਼ੌਜ ਨੂੰ ਕਿਸੇ ਵੀ ਸੁਰੱਖਿਆ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ | ਰਾਜਨਾਥ ਸਿੰਘ ਨੇ ਜੈਪੁਰ 'ਚ ਜਾਰੀ ਫ਼ੌਜੀ ਕਮਾਂਡਰਾਂ ਦੇ ਸਾਂਝੇ ਸੰਮੇਲਨ 'ਚ ਸੰਬੋਧਨ ਦੌਰਾਨ ਉਕਤ ਟਿੱਪਣੀਆਂ ਕੀਤੀਆਂ | ਇਸ ਸੰਮੇਲਨ 'ਚ ਖੇਤਰੀ ਸੁਰੱਖਿਆ ਸਥਿਤੀ 'ਚ ਹੋ ਰਹੇ ਬਦਲਾਅ ਨੂੰ ਦੇਖਦੇ ਹੋਏ ਤਿੰਨੋ ਸੈਨਾਵਾਂ ਦੀਆਂ ਯੁੱਧ ਸੰਬੰਧੀ ਤਿਆਰੀਆਂ ਦੀ ਵਿਆਪਕ ਸਮੀਖਿਆ ਕੀਤੀ ਗਈ | ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸੰਧੂਰ ਭਾਰਤ ਦੀਆਂ ਵਧਦੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਅਤੇ ਦੇਸ਼ ਦੇ ਸਮੂਹਿਕ ਸੰਕਲਪ ਦਾ ਪ੍ਰਤੀਕ ਸੀ | ਉਨ੍ਹਾਂ ਤਿੰਨਾਂ ਸੈਨਾਵਾਂ ਦੇ ਕਮਾਂਡਰਾਂ ਨੂੰ ਕਿਹਾ ਕਿ ਉਹ ਇਸ ਆਪ੍ਰੇਸ਼ਨ ਦੇ ਨਾਲ-ਨਾਲ ਮੌਜੂਦਾ ਆਲਮੀ ਸੁਰੱਖਿਆ ਦਿ੍ਸ਼ ਤੋਂ ਸਿੱਖਿਆ ਲੈ ਕੇ ਭਵਿੱਖ ਲਈ ਤਿਆਰ ਰਹਿਣ | ਉਨ੍ਹਾਂ ਤੇਜ਼ੀ ਨਾਲ ਵਿਕਸਤ ਹੋ ਰਹੇ ਭੂ-ਰਾਜਨੀਤਕ ਸੁਰੱਖਿਆ ਦਿ੍ਸ਼ 'ਚ ਤਿਆਰ ਰਹਿਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ, ਆਟੋਮੈਟਿਕ ਪ੍ਰਣਾਲੀਆਂ, ਡਾਟਾ ਵਿਸ਼ਲੇਸ਼ਣ ਅਤੇ ਸੁਰੱਖਿਆ ਸੰਚਾਰ ਨੈੱਟਵਰਕ 'ਚ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ |
'ਆਪ੍ਰੇਸ਼ਨ ਸੰਧੂਰ' ਭਾਰਤੀ ਫ਼ੌਜ ਦੀ ਸਾਂਝੀ ਤਾਕਤ ਨੂੰ ਦਿਖਾਉਂਦਾ ਹੈ-ਰਾਜਨਾਥ <br/>
ਅਜੀਤ ਡੈਸਕ
09-05-2026