ਸਾਹਿਬ ਸਿੰਘ
ਸਮਾਣਾ (ਪਟਿਆਲਾ), 8 ਮਈ -'ਮੇਰੀ ਡਿਊਟੀ ਕੱਟ ਦਿੱਤੀ ਜਾਵੇ | ਮੈਂ ਇਹ ਸਰਵੇਖਣ ਨਹੀਂ ਕਰ ਸਕਦੀ |' ਮੈਮ ਤੁਸੀਂ ਕੋਆਰਡੀਨੇਟਰ ਲਾਏ ਹੋ, ਦੇਖੋ ਤੁਸੀਂ ਸਾਨੂੰ ਫੋਨ ਸਟਾਰਟ ਕਰਵਾਏ, ਅਸੀ ਸਾਰੀਆਂ ਚੀਜ਼ਾਂ ਕਰੀਆਂ ਪਰ ਐਪ ਵਿਚ ਇੰਨੀ ਸਮੱਸਿਆ ਹੈ ਕਿ ਹੱਲ ਨਹੀਂ ਹੋ ਰਹੀ | 'ਅਸੀ ਸਰਵੇਖਣ ਕਰਕੇ ਵਾਪਸ ਆਉਂਦੇ ਹਾਂ, ਸਰਵੇਖਣ ਸਹੀ ਕੀਤਾ ਆ ਜਾਂਦਾ ਹੈ ਪਰ ਅਗਲੇ ਦਿਨ ਸਰਵੇਖਣ ਦੀ ਰਿਪੋਰਟ 0 ਹੋ ਜਾਂਦੀ ਹੈ |' ਇਹ ਚਰਚਾ ਡਰੱਗ ਤੇ ਸਮਾਜਿਕ-ਆਰਥਿਕ ਜਨਗਣਨਾ (ਸਰਵੇਖਣ) ਪ੍ਰੋਜੈਕਟ ਵਿਚ ਲੱਗੇ ਗਿਣਤੀਕਾਰਾਂ ਦੀ ਹੈ | ਇਹ ਸਮੱਸਿਆ ਇਕ ਗਿਣਤੀਕਾਰ ਦੀ ਨਹੀਂ ਸਗੋਂ ਇਸ ਕੰਮ ਵਿਚ ਲੱਗੇ ਹਜ਼ਾਰਾਂ ਗਿਣਤੀਕਾਰਾਂ ਦੀ ਹੈ | ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਸਮੱਸਿਆ ਜਿਉਂ ਦੀ ਤਿਉਂ ਖੜ੍ਹੀ ਹੈ | ਪੰਜਾਬ ਸਰਕਾਰ ਵਲੋਂ ਧੂਮਧਾਮ ਨਾਲ ਸ਼ੁਰੂ ਕੀਤਾ ਗਿਆ ਡਰੱਗ ਤੇ ਸਮਾਜਿਕ-ਆਰਥਿਕ ਜਨਗਣਨਾ (ਸਰਵੇਖਣ) ਪ੍ਰੋਜੈਕਟ ਆਪਣੇ ਸ਼ੁਰੂਆਤੀ ਤਿੰਨ ਦਿਨਾਂ ਵਿਚ ਹੀ ਸਵਾਲਾਂ, ਕਾਰਗੁਜ਼ਾਰੀ, ਸੇਵਾ ਫਲ ਅਤੇ ਐਪ ਦੀਆਂ ਤੰਦਾਂ ਤਾਣੀਆਂ ਵਿਚ ਉਲਝ ਕੇ ਰਹਿ ਗਿਆ ਹੈ | ਇਸ ਵਿਚ ਕੋਈ ਠੋਸ ਤਰੱਕੀ ਨਹੀਂ ਹੋ ਸਕੀ ਅਤੇ ਗਿਣਤੀਕਾਰ ਖਾਲੀ ਹੱਥ ਵਾਪਸ ਆ ਰਹੇ ਹਨ | ਉਨ੍ਹਾਂ ਨੂੰ ਜਾਤੀਸੂਚਕ ਸਵਾਲ ਪੁੱਛਣ 'ਤੇ ਘਰਾਂ ਦੇ ਮੁਖੀਆਂ ਕੋਲੋਂ ਬੇਇੱਜ਼ਤ ਹੋਣਾ ਪੈ ਰਿਹਾ ਹੈ | ਪੰਜਾਬ ਸਰਕਾਰ ਨੇ ਅਪ੍ਰੈਲ 2026 ਵਿਚ ਇਸ ਸਰਵੇ ਦੀ ਘੋਸ਼ਣਾ ਕੀਤੀ ਸੀ | ਇਸ ਦਾ ਉਦੇਸ਼ ਹੈ ਕਿ ਸੂਬੇ ਦੇ ਲਗਭਗ 65 ਲੱਖ ਪਰਿਵਾਰਾਂ ਦੀ ਆਰਥਿਕ ਹਾਲਤ, ਸਮਾਜਿਕ ਪੱਧਰ, ਨਸ਼ਿਆਂ ਦੀ ਵਰਤੋਂ ਅਤੇ ਹੋਰ ਵੇਰਵਿਆਂ ਦਾ ਡਾਟਾ ਇਕੱਤਰ ਕੀਤਾ ਜਾਵੇ ਤਾਂ ਜੋ ਨਿਸ਼ਾਨਾਬੱਧ ਨੀਤੀਆਂ ਬਣਾਈਆਂ ਜਾ ਸਕਣ | ਇਸ ਲਈ ਲਗਭਗ 28,000 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਡਿਜੀਟਲ 'ਐਪ' 'ਤੇ ਮੋਬਾਇਲ ਜਾਂ ਟੇਬਲੈਟ ਰਾਹੀਂ ਕੀਤੀ ਜਾ ਰਹੀ ਇਸ ਪ੍ਰਕਿਰਿਆ ਵਿਚ ਰੁਕਾਵਟਾਂ ਹੀ ਰੁਕਾਵਟਾਂ ਹਨ ਪਰ ਹੱਲ ਨਜ਼ਰ ਨਹੀਂ ਆ ਰਿਹਾ | ਐਪ ਦੀ ਮਾੜੀ ਕਾਰਗੁਜ਼ਾਰੀ ਤੋਂ ਪ੍ਰੇਸ਼ਾਨ ਡਿਊਟੀ ਵਿਚ ਲੱਗੇ ਗਿਣਤੀਕਾਰਾਂ ਨੇ ਆਪਣੀਆਂ ਡਿਊਟੀਆਂ ਕੱਟਣ ਲਈ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ | ਇਕ ਅਧਿਕਾਰੀ ਨੇ ਮੰਨਿਆ ਕਿ ਤਕਨੀਕੀ ਤੌਰ 'ਤੇ ਕੁਝ ਸਮੱਸਿਆਵਾਂ ਆ ਰਹੀਆਂ ਹਨ | ਇਸ ਵੇਲੇ ਅਸੀਂ ਸਮੀਖਿਆ ਕਰ ਰਹੇ ਹਾਂ ਅਤੇ ਜਲਦੀ ਹੀ ਕੰਮ ਠੀਕ ਹੋ ਜਾਵੇਗਾ |
ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਨਸ਼ਾ ਤੇ ਸਮਾਜਿਕ-ਆਰਥਿਕ ਸਰਵੇ ਸਵਾਲਾਂ ਤੇ ਏ.ਆਈ. ਦੀਆਂ ਤੰਦਾਂ-ਤਾਣੀਆਂ 'ਚ ਉਲਝਿਆ, ਤਿੰਨ ਦਿਨਾਂ ਵਿਚ ਵੀ 'ਐਪ' ਦੀਆਂ ਸ਼ਿਕਾਇਤਾਂ ਬਰਕਰਾਰ
ਅਜੀਤ ਡੈਸਕ
09-05-2026