ਮੁੱਲਾਂਪੁਰ-ਦਾਖਾ, 8 ਮਈ (ਨਿਰਮਲ ਸਿੰਘ ਧਾਲੀਵਾਲ)-ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ 'ਕੌਮੀ ਇਨਸਾਫ਼ ਮੋਰਚੇ' ਦੇ ਆਗੂਆਂ ਨੂੰ ਦਿੱਲੀ 'ਚ ਰੋਸ ਮਾਰਚ ਤੋਂ ਪਹਿਲਾਂ ਹੀ ਗਿ੍ਫਤਾਰ ਕਰ ਲੈਣਾ ਲੋਕਤੰਤਰ ਦਾ ਘਾਣ ਹੈ, ਸ਼ਾਂਤਮਈ ਰੋਸ ਮਾਰਚ ਦੇ ਆਗੂਆਂ ਵਲੋਂ ਮਾਰਚ ਉਪਰੰਤ ਰਾਸ਼ਟਰਪਤੀ ਨੂੰ ਮੈਮੋਰੰਡਮ ਦੇਣਾ ਸੀ | ਇਹ ਪ੍ਰਗਟਾਵਾ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਘੱਟ ਗਿਣਤੀਆਂ ਖਾਸਕਰ ਸਿੱਖਾਂ ਨਾਲ ਹਰ ਪਹਿਲੂ 'ਤੇ ਧੱਕੇਸ਼ਾਹੀ ਦੀ ਗੱਲ ਕਰਦਿਆਂ ਕੀਤਾ | ਇਯਾਲੀ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਘਾਣ ਲਈ ਸਰਕਾਰਾਂ ਜ਼ਿੰਮੇਵਾਰ ਹਨ, ਇਕ ਪਾਸੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਕੋਈ ਨਾਮ ਨਿਸ਼ਾਨ ਨਹੀਂ, ਦੂਜੇ ਪਾਸੇ ਸਾਂਸਦ ਭਾਈ ਅੰਮਿ੍ਤਪਾਲ ਸਿੰਘ ਤੋਂ ਐੱਨ.ਐੱਸ.ਏ. ਹਟਾਉਣ ਲਈ ਪਰਿਵਾਰ ਨੂੰ ਅਦਾਲਤੀ ਚਾਰਾਜੋਈ ਕਰਨੀ ਪੈ ਰਹੀ ਹੈ | ਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ 'ਚ ਅਮਨ ਸ਼ਾਂਤੀ ਅਤੇ ਸਦਭਾਵਨਾ ਦੇ ਅਸੀਂ ਮੁਦਈ ਹਾਂ, ਪ੍ਰੰਤੂ ਧਮਾਕੇ ਜਾਂ ਹੋਰ ਗਤੀਵਿਧੀਆਂ 'ਚ ਨੌਜਵਾਨਾਂ ਨਾਲ ਨਾਜਾਇਜ਼ ਨਾ ਹੋਵੇ | ਇਯਾਲੀ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂੰ ਲਾਉਣਾ, ਨਫ਼ਰਤ ਫੈਲਾਉਣਾ ਬੇਹੱਦ ਘਟੀਆ ਹੈ, ਕਿਉਂਕਿ ਦੇਸ਼ ਦੀ ਤਰੱਕੀ ਪਿੱਛੇ ਪੰਜਾਬੀਆਂ ਖਾਸਕਰ ਕਿਸਾਨਾਂ ਦਾ ਸਿੱਧੇ ਰੂਪ 'ਚ ਹੱਥ ਹੈ | ਅੱਜ ਪੰਜਾਬ ਦੀ ਕਿਰਸਾਨੀ ਨਾਲ ਸਿਰਜਿਆ ਜਾ ਰਿਹਾ ਬਿਰਤਾਂਤ ਵੀ ਕੇਂਦਰ ਸਰਕਾਰ ਦਾ ਕਾਰਪੋਰੇਟ ਨੂੰ ਉਤਸ਼ਾਹਿਤ ਕਰਨ ਲਈ ਇਕ ਰਸਤਾ ਹੈ | ਕੇਂਦਰੀ ਖੇਤੀ ਅਤੇ ਵਿਕਾਸ ਬੈਂਕ ਵਲੋਂ ਪੰਜਾਬ ਦੇ ਹੱਦ ਕਰਜ਼ਿਆਂ ਦੀ ਕਟੌਤੀ ਵੀ ਕਿਸਾਨੀ ਨੂੰ ਕਮਜ਼ੋਰ ਕਰਨ ਲਈ ਕੇਂਦਰ ਦੀ ਚਾਲ ਹੈ | ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਦੇ ਰੂਪ ਵਿਚ ਦਿੱਤੀ ਜਾਣ ਵਾਲੀ ਸਹਾਇਤਾ ਵਿਚ ਕਟੌਤੀ ਨਾਲ ਸਹਿਕਾਰੀ ਬੈਂਕਾਂ ਟੁੱਟ ਜਾਣਗੀਆਂ | ਇਯਾਲੀ ਨੇ ਕਿਹਾ ਕਿ ਕੇਂਦਰ ਦੇ ਇਸ਼ਾਰੇ 'ਤੇ ਵਿਕਾਸ ਬੈਂਕ ਨਾਬਾਰਡ ਦੀ ਚਾਲ ਹੈ, ਪਹਿਲਾਂ-ਪਹਿਲ 3500 ਕਰੋੜ ਦੀ ਕਰਜ਼ਾ ਲਿਮਟ ਹੁਣ ਕੱਟ ਕੇ 1100 ਕਰੋੜ ਕਰ ਦਿੱਤੀ, ਇਸ ਨਾਲ ਰਾਜ ਭਰ ਦੀਆਂ ਕਰੀਬ 3500 ਸਹਿਕਾਰੀ ਸਭਾਵਾਂ ਨੂੰ ਸੱਟ ਲੱਗੇਗੀ | ਇਯਾਲੀ ਨੇ ਕਿਹਾ ਕਿ ਕਿਸਾਨਾਂ ਲਈ ਮੁਸ਼ਕਿਲ ਬਣੀ ਹੱਦ ਕਰਜ਼ੇ ਦੀ ਮੰਗ ਲਈ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪ ਕਿਰਸਾਨੀ ਨੂੰ ਕਮਜ਼ੋਰ ਕਰਨ ਵਾਲੀ ਹੈ, ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਨੂੰ ਕੇਂਦਰੀ ਖੇਤੀ ਅਤੇ ਵਿਕਾਸ ਬੈਂਕ ਨਾਲ ਸੰਪਰਕ ਬਣਾਉਣਾ ਚਾਹੀਦਾ |
ਕੇਂਦਰ ਸਰਕਾਰ ਘੱਟ ਗਿਣਤੀਆਂ ਅਤੇ ਕਿਸਾਨਾਂ ਨਾਲ ਵਿਤਕਰਾ ਕਰ ਰਹੀ ਹੈ-ਮਨਪ੍ਰੀਤ ਸਿੰਘ ਇਯਾਲੀ
ਅਜੀਤ ਡੈਸਕ
09-05-2026