ਵਿਆਜਖੋਰਾਂ ਤੋਂ ਅੱਕੇ ਲਾਟਰੀ ਵਿਕਰੇਤਾ ਵਲੋਂ ਖੁਦਕੁਸ਼ੀ
ਅਜੀਤ ਡੈਸਕ
10-05-2026
ਮਕਸੂਦਾਂ, 9 ਮਈ (ਸੌਰਵ ਮਹਿਤਾ)-ਗੁਲਾਬ ਦੇਵੀ ਰੋਡ 'ਤੇ ਸਥਿਤ ਇਕ ਲਾਟਰੀ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਦੋ ਬੱਚੀਆਂ ਦੇ ਪਿਤਾ ਵਲੋਂ ਪ੍ਰਾਈਵੇਟ ਫਾਇਨਾਂਸਰਾਂ ਤੇ ਵਿਆਜਖੋਰਾਂ ਦੀ ਤੰਗ ਪ੍ਰੇਸ਼ਾਨੀ ਤੋਂ ਅੱਕ ਕੇ ਖੁਦਕੁਸ਼ੀ ਕਰ ਲਈ, ਜਿਸਦੀ ਪਛਾਣ ਅਰੁਣ ਕੁਮਾਰ (45) ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਜੋਂ ਹੋਈ ਹੈ¢ ਮਿਲੀ ਜਾਣਕਾਰੀ ਅਨੁਸਾਰ ਅਰੁਣ ਕੁਮਾਰ ਨੇ ਕੁਝ ਲੋਕਾਂ ਤੋਂ ਵਿਆਜ 'ਤੇ ਪੈਸੇ ਲਏ ਹੋਏ ਸਨ ¢ ਦੱਸਿਆ ਜਾ ਰਿਹਾ ਹੈ ਕਿ ਉਹ ਸਮੇਂ-ਸਮੇਂ 'ਤੇ ਵਿਆਜ ਵੀ ਭਰਦਾ ਰਿਹਾ ਪਰ ਇਸ ਦੇ ਬਾਵਜੂਦ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ | ਪਰਿਵਾਰਕ ਮੈਂਬਰਾਂ ਮੁਤਾਬਕ ਅੱਜ ਸਵੇਰੇ ਉਹ ਕੰਮ 'ਤੇ ਗਿਆ ਪਰ ਕੁਝ ਸਮੇਂ ਬਾਅਦ ਉਸਨੇ ਲਾਟਰੀ ਦੀ ਦੁਕਾਨ ਅੰਦਰ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ | ਇਸ ਤੋਂ ਪਹਿਲਾਂ ਪੀੜਤ ਨੇ ਕਰੀਬ ਪੰਜ ਮਿੰਟ ਦੀ ਇਕ ਵੀਡੀਓ ਬਣਾਈ ਤੇ ਆਪਣੀ ਪਤਨੀ ਨੂੰ ਵਟਸਐਪ 'ਤੇ ਭੇਜੀ ¢ ਵੀਡੀਓ ਵਿਚ ਉਸ ਨੇ ਕੁਝ ਵਿਅਕਤੀਆਂ ਦੇ ਨਾਮ ਲੈਂਦਿਆਂ ਦੋਸ਼ ਲਾਇਆ ਕਿ ਇਨ੍ਹਾਂ ਵਲੋਂ ਮੈਨੂੰ ਬੇਇਜ਼ਤ ਤੇ ਮਾਨਸਿਕ ਤੌਰ 'ਤੇ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹ ਇਹ ਕਦਮ ਚੁੱਕ ਰਿਹਾ ਹੈ | ਪੀੜਤ ਨੇ ਇਹ ਵੀ ਅਪੀਲ ਕੀਤੀ ਕਿ ਉਸ ਦੀਆਂ ਦੋਨੋਂ ਧੀਆਂ ਦਾ ਖ਼ਿਆਲ ਰੱਖਿਆ ਜਾਵੇ ਤੇ ਪਰਿਵਾਰ ਨੂੰ ਹੋਰ ਤੰਗ ਨਾ ਕੀਤਾ ਜਾਵੇ ¢ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ ਇਕ ਦੀ ਪੁਲਿਸ ਅਤੇ ਕੰਟਰੋਲ ਰੂਮ ਦੀ ਟੀਮ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ¢ ਥਾਣਾ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਿ੍ਤਕ ਦੀ ਵੀਡੀਓ ਦੇ ਆਧਾਰ 'ਤੇ ਕੁਝ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕੀਤੀ ਜਾ ਰਹੀ ਹੈ |