ਚੰਡੀਗੜ੍ਹ, 9 ਮਈ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਆਪਣੀ ਸਰਕਾਰ ਦੇ ਭਿ੍ਸ਼ਟਾਚਾਰ ਤੇ ਘੁਟਾਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਉਹ ਦੇਸ਼ ਦੇ ਮਹਾਨ ਰਾਸ਼ਟਰ ਭਗਤਾਂ ਤੇ ਦੇਸ਼ਭਗਤ ਜਥੇਬੰਦੀਆਂ ਦਾ ਅਪਮਾਨ ਕਰ ਰਹੇ ਹਨ | ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਸੱਤਾ ਦੇ ਨਸ਼ੇ ਵਿਚ ਚੂਰ ਭਗਵੰਤ ਮਾਨ ਇੰਨਾ ਹੇਠਾਂ ਡਿੱਗ ਚੁੱਕੇ ਹਨ ਕਿ ਉਹ ਵਿਨਾਇਕ ਦਾਮੋਦਰ ਸਾਵਰਕਰ ਵਰਗੇ ਮਹਾਨ ਰਾਸ਼ਟਰ ਭਗਤਾਂ ਤੇ ਰਾਸ਼ਟਰਵਾਦੀ ਜਥੇਬੰਦੀਆਂ ਖ਼ਿਲਾਫ਼ ਘਟੀਆ ਬਿਆਨਬਾਜ਼ੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਜਦੋਂ ਵੀ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਈ.ਡੀ ਜਾਂ ਜਾਂਚ ਏਜੰਸੀਆਂ ਦੇ ਸ਼ਿਕੰਜੇ ਵਿਚ ਫਸਦਾ ਹੈ, ਤਾਂ ਆਮ ਆਦਮੀ ਪਾਰਟੀ ਦੇ ਆਗੂ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਸ਼ੁਰੂ ਕਰ ਦਿੰਦੇ ਹਨ |