ਪੰਜਾਬ 'ਚ ਵੱਡੀ ਸਿਆਸੀ ਉਥਲ-ਪੁਥਲ ਵਿਚਾਲੇ ਬਘੇਲ ਦੀ ਅਗਵਾਈ 'ਚ ਪੰਜਾਬ ਕਾਂਗਰਸ ਦੀ ਮੰਥਨ ਮੀਟਿੰਗ
ਅਜੀਤ ਡੈਸਕ
10-05-2026
ਚੰਡੀਗੜ੍ਹ, 9 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਚ ਈ.ਡੀ. ਦੀਆਂ ਛਾਪੇਮਾਰੀਆਂ ਨਾਲ ਹੋ ਰਹੀ ਵੱਡੀ ਸਿਆਸੀ ਉਥਲ ਪੁਥਲ ਦੌਰਾਨ ਪੰਜਾਬ ਕਾਂਗਰਸ ਵਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੀ ਅਗਵਾਈ ਵਿਚ ਅੱਜ ਚੰਡੀਗੜ੍ਹ ਵਿਖੇ ਮੰਥਨ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਪੰਜਾਬ ਭਰ ਤੋਂ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨੇ ਸ਼ਿਰਕਤ ਕੀਤੀ, ਜਿਸ ਦੌਰਾਨ ਕਾਂਗਰਸ ਦੀ ਪੰਜਾਬ 'ਚ ਅਗਲੀ ਰਣਨੀਤੀ 'ਤੇ ਡੂੰਘੀ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਤੋਂ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁਪੇਸ਼ ਬਘੇਲ ਨੇ ਐਲਾਨ ਕੀਤਾ ਕਿ ਪਾਰਟੀ ਲੋਕਾਂ ਤੱਕ ਪਹੁੰਚ ਬਣਾਉਣ ਲਈ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਲੋਕ ਸੰਪਰਕ 'ਯਾਤਰਾਵਾਂ' ਕੱਢੇਗੀ | ਉਨ੍ਹਾਂ ਕਿਹਾ ਕਿ ਹਰ ਹਲਕੇ ਵਿਚ ਇਹ ਤਿੰਨ ਦਿਨਾਂ ਦੀ ਯਾਤਰਾ ਹੋਵੇਗੀ, ਜਿਸ ਦੌਰਾਨ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਵੇਗੀ, ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਉਮੀਦਾਂ ਬਾਰੇ ਜਾਣਿਆ ਜਾਵੇਗਾ | ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਇਹ ਵੀ ਸੁਝਾਅ ਆਇਆ ਹੈ ਕਿ ਜਦੋਂ ਇਹ ਯਾਤਰਾਵਾਂ ਮੁਕੰਮਲ ਹੋ ਜਾਣ, ਤਾਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸਮਾਪਤੀ ਸਮਾਗਮ ਵਿਚ ਸ਼ਾਮਿਲ ਕੀਤਾ ਜਾਵੇ | ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਇਕ ਚਾਰਜਸ਼ੀਟ ਵੀ ਜਾਰੀ ਕਰੇਗੀ | ਬਘੇਲ ਨੇ ਕਿਹਾ ਕਿ ਇਸ ਦੌਰਾਨ ਪੰਜਾਬ ਵਿਚ ਵੱਡੇ ਪੱਧਰ 'ਤੇ ਫੈਲੇ ਭਿ੍ਸ਼ਟਾਚਾਰ ਅਤੇ ਖ਼ਰਾਬ ਹੋ ਰਹੀ ਕਾਨੂੰਨ-ਵਿਵਸਥਾ 'ਤੇ ਚਰਚਾ ਹੋਈ, ਜਿਸ ਕਾਰਨ ਸਾਹਮਣੇ ਆਇਆ ਕਿ ਪੰਜਾਬ ਵਿਚ ਕੋਈ ਵੀ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ |