ਹਰਕਵਲਜੀਤ ਸਿੰਘ
ਚੰਡੀਗੜ੍ਹ, 12 ਮਈ-ਪੰਜਾਬ ਵਿਚ ਵਿਧਾਨ ਸਭਾ ਦੀਆਂ ਕੁੱਝ ਮਹੀਨੇ ਬਾਅਦ ਹੋਣ ਵਾਲੀਆਂ ਚੋਣਾਂ ਲਈ ਹੁਕਮਰਾਨ ਪਾਰਟੀ ਵਲੋਂ ਜਿਵੇਂ ਇਕ ਤਰ੍ਹਾਂ ਨਾਲ ਚੋਣ ਮੁਹਿੰਮ ਦਾ ਬਿਗੁਲ ਵਜਾ ਦਿੱਤਾ ਗਿਆ ਹੈ | ਉਸ ਸਬੰਧੀ ਚਰਚਾ ਇਹ ਹੈ ਕਿ ਪਾਰਟੀ ਵਲੋਂ ਚੋਣ ਮੁਹਿੰਮ ਦੌਰਾਨ ਚਿਹਰਾ ਜਾ ਸਟਾਰ ਪ੍ਰਚਾਰਕ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ | ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਨੂੰ ਜਨਤਕ ਪੱਧਰ 'ਤੇ ਵੱਡਾ ਹੰੁਗਾਰਾ ਮਿਲ ਰਿਹਾ ਹੈ | ਬੀਤੇ ਦਿਨਾਂ ਲਈ ਬੇਅਦਬੀਆਂ ਦਾ ਕਾਨੂੰਨ ਸਿਰੇ ਚੜ੍ਹਨ ਨੂੰ ਲੈ ਕੇ ਮੁੱਖ ਮੰਤਰੀ ਵਲੋਂ ਕੱਢੀ ਗਈ ਸ਼ੁਕਰਾਨਾ ਯਾਤਰਾ ਨੂੰ ਵੀ ਮਿਲੇ ਹੁੰਗਾਰੇ ਨੂੰ ਲੈ ਕੇ ਪਾਰਟੀ ਉਤਸ਼ਾਹ ਵਿਚ ਹੈ | ਪਾਰਟੀ ਵਲੋਂ ਚੋਣ ਮੁਹਿੰਮ ਦੌਰਾਨ ਵੀ ਮੁੱਖ ਮੰਤਰੀ ਦਾ ਚਿਹਰਾ ਹੀ ਅੱਗੇ ਰੱਖਿਆ ਜਾਵੇਗਾ ਅਤੇ ਪਾਰਟੀ ਹਾਈਕਮਾਨ ਦੇ ਸੀਨੀਅਰ ਆਗੂ ਵਿਸ਼ੇਸ਼ ਪ੍ਰੋਗਰਾਮਾਂ ਵਿਚ ਹੀ ਹਾਜ਼ਰ ਹੋਣਗੇ, ਜਦੋਂਕਿ ਪਾਰਟੀ ਦੀ ਚੋਣ ਮੁਹਿੰਮ ਦੀ ਯੋਜਨਾਬੰਦੀ ਅਤੇ ਪਾਰਟੀ ਉਮੀਦਵਾਰਾਂ ਦੀ ਚੋਣ ਸੰਬੰਧੀ ਜ਼ਿੰਮੇਵਾਰੀ ਹਾਈਕਮਾਨ ਹੀ ਸੰਭਾਲੇਗੀ | ਸਮਝਿਆ ਜਾਂਦਾ ਹੈ ਕਿ ਪਾਰਟੀ ਵਿਰੋਧੀਆਂ ਦੇ 'ਦਿੱਲੀ ਦੇ ਦਖ਼ਲ' ਸਬੰਧੀ ਲਗਾਤਾਰ ਪ੍ਰਚਾਰ ਨੂੰ ਵੀ ਝੂਠ ਸਾਬਤ ਕਰਨਾ ਚਾਹੁੰਦੀ ਹੈ | ਭਗਵੰਤ ਮਾਨ ਸਰਕਾਰ ਜਿਸ ਵਲੋਂ ਬੀਤੇ ਸਮੇਂ ਵਿਚ ਘਰੇਲੂ ਖਪਤਕਾਰਾਂ ਨੂੰ ਬਿਜਲੀ ਮੁਫ਼ਤ ਕਰਨ ਤੇ ਸਿੱਖਿਆ ਤੇ ਸਿਹਤ ਖੇਤਰਾਂ ਵਿਚ ਲਿਆਉਂਦੇ ਗਏ ਸੁਧਾਰਾਂ ਤੇ ਦਿੱਤੀਆਂ ਗਈਆਂ ਨੌਕਰੀਆਂ ਤੇ ਮੁਫ਼ਤ ਰਾਸ਼ਨ ਨੂੰ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਮੁੱਖ ਮੁੱਦਾ ਬਣਾਏਗੀ | ਉੱਥੇ ਕੇਂਦਰ ਵਲੋਂ ਸੂਬੇ ਨਾਲ ਹੋਏ ਵਿਤਕਰਿਆਂ ਤੇ ਧੱਕਿਆਂ ਨੂੰ ਵੀ ਮੁੱਦਾ ਬਣਾਉਣਾ ਚਾਹੁੰਦੀ ਹੈ, ਤਾਂ ਜੋ ਭਾਜਪਾ ਨੂੰ ਜਵਾਬਦੇਹ ਬਣਾਇਆ ਜਾਵੇ | ਭਾਜਪਾ ਜਿਸ ਵਲੋਂ ਲਗਾਤਾਰ 'ਆਪ' ਸਰਕਾਰ ਵਿਰੁੱਧ ਹਮਲਾਵਰ ਰੁਖ਼ ਅਪਣਾਇਆ ਜਾ ਰਿਹਾ ਹੈ ਤੇ ਸਰਕਾਰ 'ਤੇ ਲਗਾਤਾਰ ਤਿੱਖੇ ਹਮਲੇ ਹੋ ਰਹੇ ਹਨ ਅਤੇ ਜਿਵੇਂ ਕੇਂਦਰੀ ਜਾਂਚ ਏਜੰਸੀ ਰਾਹੀਂ ਵੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਨੇ ਹੁਕਮਰਾਨ ਪਾਰਟੀ ਸਮੇਤ ਦੂਜੀਆਂ ਰਾਜਸੀ ਪਾਰਟੀਆਂ ਨੂੰ ਵੀ ਚਿੰਤਾ ਵਿਚ ਪਾਇਆ ਹੋਇਆ ਹੈ | ਲੇਕਿਨ ਪੰਜਾਬ ਨਾਲ ਸਬੰਧਿਤ ਬਹੁਤ ਸਾਰੇ ਮੁੱਦੇ ਜਿਨ੍ਹਾਂ ਬਾਰੇ ਫ਼ੈਸਲੇ ਕੇਂਦਰ ਸਰਕਾਰ ਵਲੋਂ ਲਗਾਤਾਰ ਲਟਕਾਏ ਜਾ ਰਹੇ ਹਨ ਨੂੰ ਆਉਂਦੇ ਦਿਨਾਂ ਦੌਰਾਨ ਹੁਕਮਰਾਨ ਪਾਰਟੀ ਵੀ ਵੱਡਾ ਮੁੱਦਾ ਬਣਾ ਸਕਦੀ ਹੈ | ਜਦੋਂ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਤੱਕ ਪਹੁੰਚ ਲਈ ਮੁਖ ਮੰਤਰੀ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਪਿੰਡ ਪੱਧਰ ਤੱਕ ਉਤਾਰ ਸਕਦੀ ਹੈ | ਪੰਜਾਬ ਦੇ ਦਿਹਾਤੀ ਖੇਤਰਾਂ ਦਾ ਵੋਟਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਪ੍ਰਚਾਰ ਦੇ ਅੰਦਾਜ਼ ਨੂੰ ਕਾਫ਼ੀ ਪਸੰਦ ਕਰਦੇ ਹਨ ਤੇ ਪਾਰਟੀ ਮੁੱਖ ਮੰਤਰੀ ਨੂੰ ਆਪਣੀ ਚੋਣ ਮੁਹਿੰਮ ਲਈ ਚੋਣਾਂ ਤੱਕ ਮੁੱਖ ਮੰਤਰੀ ਨੂੰ ਚੋਣ ਪ੍ਰਚਾਰ ਮੁਹਿੰਮ ਲਈ ਸਰਗਰਮ ਰੱਖਣਾ ਚਾਹੇਗੀ | ਪਾਰਟੀ ਦੀ ਸੂਬਾ ਯੂਨਿਟ ਵਲੋਂ ਭਗਵੰਤ ਮਾਨ ਵਰਗੇ ਹੋਰ ਪ੍ਰਸਿੱਧ ਚਿਹਰੇ ਵੀ ਨਹੀਂ ਹਨ ਤੇ ਸੰਭਵ ਹੈ ਕਿ ਪਾਰਟੀ ਮੁੱਖ ਮੰਤਰੀ ਦੀ ਮਦਦ ਨਾਲ ਪੰਜਾਬ ਦੇ ਕੁੱਝ ਹਰਮਨ ਪਿਆਰੇ ਕਲਾਕਾਰਾਂ ਨੂੰ ਵੀ ਆਉਂਦੇ ਦਿਨਾਂ ਦੌਰਾਨ ਚੋਣ ਪ੍ਰਚਾਰ ਵਿਚ ਉਤਾਰੇ ਅਤੇ ਇਕ-ਦੋ ਨੂੰ ਪਾਰਟੀ ਚੋਣ ਲੜਾਉਣ ਦੀ ਵੀ ਕੋਸ਼ਿਸ਼ ਕਰ ਸਕਦੀ ਹੈ | ਲੇਕਿਨ ਪਾਰਟੀ ਦੀ ਇਹ ਸਾਰੀ ਚੋਣ ਮੁਹਿੰਮ ਮੁੱਖ ਮੰਤਰੀ ਭਗਵੰਤ ਮਾਨ ਦੇ ਚਾਰ-ਚੁਫ਼ੇਰੇ ਹੀ ਘੁੰਮੇਗੀ |
ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਲਈ ਭਗਵੰਤ ਮਾਨ ਰਹਿਣਗੇ ਪਾਰਟੀ ਦਾ ਚਿਹਰਾ <br/>
ਅਜੀਤ ਡੈਸਕ
13-05-2026