ਗੱਡੀਆਂ ਦੀ ਭੰਨਤੋੜ, ਵਿਧਾਇਕ ਤੇ ਡੀ.ਐਸ.ਪੀ. ਨੇ ਮੌਕੇ 'ਤੇ ਪੁੱਜ ਕੇ ਲਿਆ ਜਾਇਜ਼ਾ
ਬਠਿੰਡਾ, 26 ਮਈ (ਸੱਤਪਾਲ ਸਿੰਘ ਸਿਵੀਆਂ)-ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਰਾਤ ਦੇ ਕਰੀਬ ਦੋ ਵਜੇ ਇੱਥੋਂ ਦੇ ਵਾਰਡ ਨੰਬਰ 3 ਦੀ ਆਜ਼ਾਦ ਉਮੀਦਵਾਰ ਰਮਨਜੀਤ ਕੌਰ ਦੇ ਘਰ 'ਤੇ ਗੋਲੀਆਂ ਚੱਲਣ ਅਤੇ ਉਨ੍ਹਾਂ ਦੀਆਂ ਗੱਡੀਆਂ ਭੰਨਣ ਦਾ ਮਾਮਲਾ ਸਾਹਮਣੇ ਆਇਆ ਹੈ | ਉਮੀਦਵਾਰ ਦੇ ਸਮਰਥਕਾਂ ਨੇ ਕਥਿਤ ਹਮਲਾਵਰਾਂ ਨੂੰ ਦਬੋਚਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਲੋਕ ਸੜਕ 'ਤੇ ਉੱਤਰ ਆਏ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਘਟਨਾ ਦੀ ਸੂਚਨਾ ਮਿਲਦੇ ਹੀ 'ਆਪ' ਦੇ ਬਠਿੰਡਾ ਸ਼ਹਿਰੀ ਵਿਧਾਇਕ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨਾਲ ਫੋਨ 'ਤੇ ਗੱਲਬਾਤ ਕਰਦੇ ਦੋਸ਼ ਲਗਾਇਆ ਕਿ ਇਹ ਸਾਰਾ ਕੁਝ ਉਨ੍ਹਾਂ ਦੀ ਹੀ ਪਾਰਟੀ ਦਾ ਇਕ ਆਗੂ ਕਰਵਾ ਰਿਹਾ ਹੈ | ਵਿਧਾਇਕ ਦੇ ਕਹਿਣ 'ਤੇ ਡੀ.ਐਸ.ਪੀ. (ਸਿਟੀ-2) ਅਰੁਣ ਮੁੰਡਨ ਨੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਪੁਲਿਸ ਦਾ ਪਹਿਰਾ ਵਧਾ ਦਿੱਤਾ ਗਿਆ | ਆਜ਼ਾਦ ਉਮੀਦਵਾਰ ਦੇ ਪਤੀ ਸੰਦੀਪ ਸਿੰਘ ਸ਼ੈਰੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਜਿੱਤ ਪੱਕੀ ਹੈ, ਜਿਸ ਤੋਂ ਘਬਰਾਇਆ ਇਕ 'ਆਪ' ਆਗੂ ਅਤੇ ਉਨ੍ਹਾਂ ਦੇ ਇਕ ਸਮਾਜਸੇਵੀ ਕਹਾਉਂਦੇ ਪ੍ਰਾਪਰਟੀ ਡੀਲਰ ਸਮਰਥਕ ਵਲੋਂ ਉਨ੍ਹਾਂ 'ਤੇ ਚੋਣ ਮੈਦਾਨ 'ਚੋਂ ਪਿੱਛੇ ਹਟਣ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ | ਸ਼ੈਰੀ ਨੇ ਖਦਸ਼ਾ ਪ੍ਰਗਟ ਕੀਤਾ ਕਿ ਉਕਤ 'ਆਪ' ਆਗੂ ਉਨ੍ਹਾਂ ਦਾ ਕਦੋਂ ਵੀ ਜਾਨੀ-ਮਾਲੀ ਨੁਕਸਾਨ ਕਰ ਸਕਦਾ, ਜਿਸ ਲਈ ਉਸ ਦੇ ਸਮੇਤ ਉਸ ਦੇ ਸਮਰਥਕ ਅਤੇ ਹਮਲਾਵਰਾਂ ਦੇ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ | ਇਸ ਸਬੰਧੀ ਡੀ. ਐਸ. ਪੀ. (ਸਿਟੀ-2) ਅਰੁਣ ਮੁੰਡਨ ਤੇ ਥਾਣਾ ਥਰਮਲ ਦੇ ਮੁੱਖ ਅਧਿਕਾਰੀ ਹਰਜੀਵਨ ਸਿੰਘ ਨੇ ਕਿਹਾ ਕਿ ਕੋਈ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ |
ਬਠਿੰਡਾ 'ਚ ਵੋਟਾਂ ਤੋਂ ਕੁਝ ਘੰਟੇ ਪਹਿਲਾਂ ਮਹਿਲਾ ਆਜ਼ਾਦ ਉਮੀਦਵਾਰ ਦੇ ਘਰ 'ਤੇ ਚੱਲੀਆਂ ਗੋਲੀਆਂ
ਅਜੀਤ ਡੈਸਕ
27-05-2026