ਫ਼ਤਹਿਗੜ੍ਹ ਸਾਹਿਬ, 28 ਮਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵਲੋਂ 'ਸਿੱਖ ਯਾਦ ਵਿਚ 1984' ਵਿਸ਼ੇ ਅਧੀਨ ਦੋ ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਬਾਰੇ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਪ੍ਰੋ. ਡਾ. ਪਿ੍ਤਪਾਲ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ ਜੂਨ ਅਤੇ ਨਵੰਬਰ 1984 ਵਿਚ ਵਾਪਰੇ ਘਟਨਾਕ੍ਰਮਾਂ ਨੂੰ ਸਾਹਿਤ, ਦਰਸ਼ਨ, ਫ਼ਿਲਮਕਾਰੀ ਅਤੇ ਇਤਿਹਾਸ ਲਿਖਣ ਵਿਚ ਕਿਵੇਂ ਯਾਦ ਰੱਖਿਆ ਗਿਆ ਹੈ, ਇਸ 'ਤੇ ਅਕਾਦਮਿਕ ਵਿਚਾਰ-ਵਟਾਂਦਰਾ ਕਰਨਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਸਿੱਖਾਂ ਦੇ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਜੀਵਨ ਦੇ ਹਰ ਪੱਖ 'ਤੇ ਡੂੰਘਾ ਅਸਰ ਪਾਇਆ ਹੈ ਅਤੇ ਇਸ ਅਸਰ ਦਾ ਮੁਲਾਂਕਣ ਕਰਨਾ ਅਕਾਦਮਿਕ ਜਗਤ ਦਾ ਫ਼ਰਜ਼ ਹੈ | ਇਸ ਮੌਕੇ ਉਨ੍ਹਾਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਬਾਣੀ ਅਤੇ ਸਿੱਖਿਆਵਾਂ ਨਾਲ ਸਬੰਧਿਤ ਇਕ ਵਿਸ਼ੇਸ਼ ਮੋਬਾਈਲ ਐਪ ਵੀ ਲੋਕ ਅਰਪਣ ਕੀਤੀ | ਸੈਮੀਨਾਰ ਦੇ ਮੁੱਖ ਮਹਿਮਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸਿੱਖ ਇਤਿਹਾਸ ਵਿਚ 1984 ਬਹੁਤ ਮਹੱਤਵਪੂਰਨ ਅਤੇ ਵਿਲੱਖਣ ਸਮਾਂ ਹੈ, ਜਿਸ ਵਿਚ ਪੀੜ ਅਤੇ ਸਵੈ-ਮਾਣ ਇਕੋ ਵਾਰੀ ਮੌਜੂਦ ਹਨ | ਸਿੰਘ ਸਾਹਿਬ ਨੇ ਇਸ ਵਿਸ਼ੇ 'ਤੇ ਅੰਤਰ-ਰਾਸ਼ਟਰੀ ਸੈਮੀਨਾਰ ਉਲੀਕਣ ਲਈ ਯੂਨੀਵਰਸਿਟੀ ਦੀ ਪ੍ਰਸੰਸਾ ਕੀਤੀ ਅਤੇ ਇਸ ਖੇਤਰ ਵਿਚ ਖੋਜ ਅਤੇ ਪ੍ਰਕਾਸ਼ਨ ਕਾਰਜਾਂ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ 1984 ਦੀਆਂ ਘਟਨਾਵਾਂ ਦੀ ਤੁਲਨਾ 18ਵੀਂ ਸਦੀ ਦੇ ਘੱਲੂਘਾਰਿਆਂ ਨਾਲ ਕਰਦਿਆਂ ਇਸ ਵਿਸ਼ੇ 'ਤੇ ਅਕਾਦਮਿਕ ਸੈਮੀਨਾਰਾਂ ਨੂੰ ਲਗਾਤਾਰ ਜਾਰੀ ਰੱਖਣ ਦੀ ਪ੍ਰੇਰਨਾ ਕੀਤੀ | ਉਦਘਾਟਨੀ ਭਾਸ਼ਣ ਦੌਰਾਨ ਪ੍ਰੋ. ਹਰਪਾਲ ਸਿੰਘ ਪੰਨੂ ਨੇ 1984 ਨਾਲ ਜੁੜੇ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ | ਪ੍ਰੋ. ਸਵਰਾਜ ਰਾਜ, ਪ੍ਰੋ. ਹਰਜਿੰਦਰ ਸਿੰਘ ਵਾਲੀਆ ਅਤੇ ਪ੍ਰੋ. ਗੁਰਨਾਮ ਕੌਰ ਵਲੋਂ 1984 ਦੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾਇਆ ਗਿਆ | ਸੈਮੀਨਾਰ ਦੌਰਾਨ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਕਿਤਾਬ 'ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਮੁਖੀ ਸ੍ਰੋਤ', ਸੰਪਾਦਕ- ਹਰਪ੍ਰੀਤ ਸਿੰਘ ਨਾਜ਼, ਜੋਗਿੰਦਰ ਸਿੰਘ ਅਤੇ ਅਮਨ ਸਿੰਘ, ਸੰਗਤ ਨੂੰ ਅਰਪਣ ਕੀਤੀ ਗਈ | ਸੈਮੀਨਾਰ ਵਿਚ ਆਏ ਸਮੂਹ ਪਤਵੰਤਿਆਂ ਅਤੇ ਸਰੋਤਿਆਂ ਦਾ ਸਵਾਗਤ ਡਾ. ਹਰਦੇਵ ਸਿੰਘ, ਡੀਨ ਫੈਕਲਟੀ ਵਲੋਂ ਕੀਤਾ ਗਿਆ ਅਤੇ ਧੰਨਵਾਦੀ ਪ੍ਰਸਤਾਵ ਡਾ. ਰਮਨਦੀਪ ਕੌਰ ਵਿਭਾਗ ਮੁਖੀ, ਰਾਜਨੀਤੀ ਵਿਗਿਆਨ ਵਿਭਾਗ ਵਲੋਂ ਪੇਸ਼ ਕੀਤਾ ਗਿਆ | ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ, ਗੈਰ-ਅਧਿਆਪਕ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ |