09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਪੰਜਾਬ 'ਚ ਪਾਣੀ ਦੀ ਸੰਭਾਲ ਲਈ ਸਮੂਹਿਕ ਹੰਭਲੇ ਦੀ ਲੋੜ-ਡਾ. ਕੂਕਲ

Ad Position 21
No active advertisement
ਅਜੀਤ ਡੈਸਕ 30-05-2026
ਹਰਪ੍ਰੀਤ ਸਿੰਘ ਗਿੱਲ
ਅਮਲੋਹ (ਫਤਹਿਗੜ੍ਹ ਸਾਹਿਬ), 29 ਮਈ-ਪਿਛਲੇ ਕਈ ਦਹਾਕਿਆਂ ਤੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਿਗਿਆਨੀਆਂ ਵਲੋਂ ਚਿਤਾਵਨੀਆਂ ਮਿਲਣ ਦੇ ਬਾਵਜੂਦ ਪੰਜਾਬੀਆਂ ਵਲੋਂ ਕੋਈ ਸਾਰਥਿਕ ਨੀਤੀ ਨਾ ਅਪਣਾਏ ਜਾਣ ਕਾਰਨ ਪੰਜ ਦਰਿਆਵਾਂ ਦੇ ਵਹਿਣਾਂ 'ਤੇ ਵਸੇ ਪੰਜਾਬ ਲਈ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਖੜ੍ਹੀ ਹੋਣੀ ਸ਼ੁਰੂ ਹੋ ਗਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਿਟੀ ਦੇ ਮੈਂਬਰ ਅਤੇ ਪ੍ਰਸਿੱਧ ਮਿੱਟੀ ਤੇ ਖੇਤੀਬਾੜੀ ਵਿਗਿਆਨੀ ਡਾ. ਸੁਰਿੰਦਰ ਸਿੰਘ ਕੂਕਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਡਾ. ਕੂਕਲ ਨੇ ਕਿਹਾ ਕਿ ਜੇਕਰ ਅਸੀਂ ਅਜੇ ਵੀ ਪੰਜਾਬ ਦੇ ਪਾਣੀਆਂ ਦੇ ਸੋਮਿਆਂ ਨਾਲ ਕੀਤਾ ਜਾ ਰਿਹਾ ਖਿਲਵਾੜ ਬੰਦ ਨਾ ਕੀਤਾ ਤਾਂ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ | ਪੰਜਾਬ ਦੀ ਮਿੱਟੀ ਅਤੇ ਪਾਣੀ ਨੂੰ ਬਚਾਉਣ ਲਈ ਲਗਾਤਾਰ ਸਰਗਰਮੀ ਨਾਲ ਕੰਮ ਕਰਦੇ ਆ ਰਹੇ ਵਿਗਿਆਨੀ ਡਾ. ਕੂਕਲ ਨੇ ਦੱਸਿਆ ਕਿ ਪੰਜਾਬ ਦੇ ਜਿਹੜੇ ਇਲਾਕਿਆਂ 'ਚ ਪਹਿਲਾਂ ਪਾਣੀ 15-20 ਫੁੱਟ ਡੂੰਘਾ ਸੀ, ਉਹ ਹੁਣ 'ਡਾਰਕ ਜੋਨ' ਬਣ ਚੁੱਕੇ ਹਨ, ਕਿਉਂਕਿ ਉੱਥੇ ਹੁਣ ਧਰਤੀ 'ਚੋਂ ਪਾਣੀ ਕੱਢਣ ਲਈ 120 ਤੋਂ 125 ਫੁੱਟ ਤੱਕ ਡੂੰਘੀਆਂ ਸਬਮਰਸੀਬਲ ਮੋਟਰਾਂ ਲਗਾਉਣੀਆਂ ਪੈ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪਾਣੀ ਸਿਰਫ਼ ਡੂੰਘੇ ਹੀ ਨਹੀਂ ਹੋਏ, ਸਗੋਂ ਅਸੀਂ ਆਪਣੇ ਸਵਾਰਥੀ ਹਿੱਤਾਂ ਲਈ ਇਨ੍ਹਾਂ ਨੂੰ ਇੰਨੇ ਜ਼ਿਆਦਾ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਅੱਜ ਹਰ ਘਰ ਵਿਚ ਪਾਣੀ ਸਾਫ਼ ਕਰਨ ਵਾਲੇ ਉਪਕਰਨਾਂ ਦੀ ਲੋੜ ਪੈਣ ਲੱਗ ਪਈ ਹੈ | ਡਾ. ਕੂਕਲ ਨੇ ਕਿਹਾ ਕਿ ਭਾਵੇਂ ਪੰਜਾਬੀਆਂ ਨੂੰ ਪਿਛਲੇ ਕਈ ਦਹਾਕਿਆਂ ਤੋਂ ਵਿਗਿਆਨੀਆਂ ਵਲੋਂ ਚਿਤਾਵਨੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ, ਪਰ ਅਸੀਂ ਅੱਜ ਵੀ ਨਿਯਮਾਂ ਨੂੰ ਛਿੱਕੇ ਟੰਗ ਕੇ ਗੰਦਾ ਪਾਣੀ ਵਾਪਸ ਧਰਤੀ ਵਿਚ ਮਿਲਾ ਰਹੇ ਹਾਂ ਅਤੇ ਬਿਨਾਂ ਕਿਸੇ ਯੋਜਨਾਬੰਦੀ ਦੇ ਸਾਫ਼ ਪਾਣੀ ਦੀ ਅੰਨ੍ਹੇਵਾਹ ਵਰਤੋਂ ਕਰ ਰਹੇ ਹਾਂ, ਜਿਸ ਕਾਰਨ ਪਾਣੀ ਦੀ ਕਿੱਲਤ ਹੀ ਪੈਦਾ ਨਹੀਂ ਹੋ ਰਹੀ, ਸਗੋਂ ਪੀਣ ਵਾਲਾ ਪਾਣੀ ਜ਼ਹਿਰੀਲਾ ਵੀ ਹੋ ਰਿਹਾ ਹੈ | ਡਾ. ਕੂਕਲ ਨੇ ਜ਼ੋਰ ਦੇ ਕੇ ਕਿਹਾ ਕਿ ਅਜੇ ਵੀ ਸਮਾਂ ਹੈ ਕਿ ਅਸੀਂ ਸਮਝ ਜਾਈਏ ਤੇ ਸਿਰਫ਼ ਕਾਨੂੰਨ ਦੇ ਡਰ ਤੋਂ ਨਹੀਂ, ਸਗੋਂ ਆਪਣੀ ਇਖ਼ਲਾਕੀ ਜ਼ਿੰਮੇਵਾਰੀ ਸਮਝ ਕੇ ਪਾਣੀ ਦੀ ਦੁਰਵਰਤੋਂ ਰੋਕੀਏ | ਡਾ. ਕੂਕਲ ਨੇ ਕਿਹਾ ਕਿ ਸਿਰਫ਼ ਸਰਕਾਰੀ ਸਖ਼ਤੀ ਨਾਲ ਇਹ ਜੰਗ ਨਹੀਂ ਜਿੱਤੀ ਜਾ ਸਕਦੀ, ਇਸ ਲਈ ਸਾਨੂੰ ਸਮੂਹਿਕ ਹੰਬਲਾ ਮਾਰਨ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਡੀ.ਐਮ. ਗਗਨਦੀਪ ਰੰਧਾਵਾ ਖ਼ੁਦਕੁਸ਼ੀ ਮਾਮਲਾ ਹਾਈ ਕੋਰਟ ਪਹੁੰਚੀ ਸੀ.ਬੀ.ਆਈ. ਜਾਂਚ ਦੀ ਮੰਗ, ਪੰਜਾਬ ਸਰਕਾਰ ਨੂੰ ਨੋਟਿਸ... ਅਗਲੀ ਖ਼ਬਰ ਬੱਚੀ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਦੋ ਕਾਬੂ
Ad Position 24