ਅੰਮਿ੍ਤਸਰ, 5 ਜੂਨ (ਰੇਸ਼ਮ ਸਿੰਘ)-ਅੰਮਿ੍ਤਸਰ ਪੁਲਿਸ ਵਲੋਂ ਕੌਮਾਂਤਰੀ ਹਥਿਆਰ ਤੇ ਹੈਰੋਇਨ ਤਸਕਰੀ ਨਾਲ ਜੁੜੇ ਇਕ ਅਫਗਾਨੀ ਨਾਗਰਿਕ, ਦੋ ਨਾਬਾਲਗਾਂ ਸਮੇਤ 6 ਤਸਕਰਾਂ ਨੂੰ ਗਿ੍ਫ਼ਤਾਰ ਕਰਕੇ ਸਰਹੱਦ ਪਾਰੋਂ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ ਕੀਤਾ ਹੈ | ਪੁਲਿਸ ਨੇ ਇਨ੍ਹਾਂ ਕੋਲੋਂ 1.035 ਕਿਲੋ ਹੈਰੋਇਨ, 5 ਪਿਸਤੌਲ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ | ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਅਫਗਾਨੀ ਨਾਗਰਿਕ ਬਾਜ਼ ਮੁਹੰਮਦ (62) ਜੋ ਪਹਿਲਾਂ ਹਰਿਆਣਾ ਦੇ ਸੋਨੀਪਤ ਵਿਚ ਰਹਿ ਰਿਹਾ ਸੀ ਤੇ ਹਾਲ 'ਚ ਨਵੀਂ ਦਿੱਲੀ ਦੇ ਲਾਜਪਤ ਨਗਰ ਰਹਿਣ ਲੱਗਾ ਸੀ, ਉਸ ਤੋਂ ਇਲਾਵਾ ਨਵਾਂਸ਼ਹਿਰ ਦੀ ਗੁਰੂ ਅੰਗਦ ਦੇਵ ਕਾਲੋਨੀ ਦੇ ਰਹਿਣ ਵਾਲੇ ਅੰਕੁਸ਼ ਬਰਥਵਾਲ (33), ਜਲੰਧਰ ਦੇ ਪਿੰਡ ਭੱਟੀਆਂ ਦੇ ਰਹਿਣ ਵਾਲੇ ਦੇਸ ਰਾਜ ਉਰਫ਼ ਵਿੱਕੀ (32), ਲੋਪੋਕੇ ਦੇ ਪਿੰਡ ਰਾਣੀਆ ਦੇ ਰਹਿਣ ਵਾਲੇ ਰਾਜਨਦੀਪ ਸਿੰਘ ਉਰਫ਼ ਰਾਜਾ (26), ਹਾਲ ਸੰਨੀ ਐਨਕਲੇਵ ਵਜੋਂ ਹੋਈ ਹੈ | ਤਸਕਰੀ ਦੇ ਮਾਮਲੇ 'ਚ ਗਿ੍ਫ਼ਤਾਰ ਮੁਲਜ਼ਮਾਂ ਵਿਚ ਦੋ ਨਾਬਾਲਗ ਵੀ ਸ਼ਾਮਿਲ ਹਨ | ਬਾਜ਼ ਮੁਹੰਮਦ, ਅੰਕੁਸ਼ ਬਰਥਵਾਲ ਅਤੇ ਦੇਸ ਰਾਜ ਉਰਫ਼ ਵਿੱਕੀ ਆਦਤਨ ਅਪਰਾਧੀ ਹਨ ਤੇ ਇਨ੍ਹਾਂ ਕੋਲੋਂ ਬਰਾਮਦ ਕੀਤੇ ਪਿਸਤੌਲਾਂ 'ਚ ਤਿੰਨ 9 ਐੱਮ.ਐੱਮ. ਗਲੋਕ (ਆਸਟ੍ਰੀਆ ਦੇ ਬਣੇ), ਇਕ .30 ਬੋਰ ਜ਼ਿਗਾਨਾ ਪਿਸਤੌਲ, ਇਕ .30 ਬੋਰ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਸ਼ਾਮਿਲ ਹਨ | ਸੀ.ਪੀ. ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਫ਼ਤਾਰ ਮੁਲਜ਼ਮ ਆਪਣੇ ਵਿਦੇਸ਼ੀ ਸਾਥੀਆਂ ਨਾਲ ਮਿਲ ਕੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸਥਾਪਤ ਸੰਪਰਕਾਂ ਜ਼ਰੀਏ ਗੈਰ-ਕਾਨੂੰਨੀ ਹਥਿਆਰ ਅਤੇ ਨਸ਼ਿਆਂ ਦੀਆਂ ਖੇਪਾਂ ਪ੍ਰਾਪਤ ਕਰਕੇ ਫਿਰ ਆਪਣੇ ਵਿਦੇਸ਼ੀ ਸੰਚਾਲਕਾਂ ਦੇ ਨਿਰਦੇਸ਼ਾਂ 'ਤੇ ਇਨ੍ਹਾਂ ਨੂੰ ਅੱਗੇ ਸਪਲਾਈ ਕਰਦੇ ਸਨ | ਉਨ੍ਹਾਂ ਦੱਸਿਆ ਕਿ ਸ਼ੁਰੂ ਵਿਚ ਪੁਲਿਸ ਟੀਮਾਂ ਨੇ ਦੋ ਨਾਬਾਲਗਾਂ ਨੂੰ ਇਕ ਗਲੌਕ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸਾਂ ਸਮੇਤ ਫੜਿਆ ਸੀ ਅਤੇ ਫਿਰ ਉਨ੍ਹਾਂ ਵਲੋਂ ਕੀਤੇ ਖੁਲਾਸਿਆਂ ਦੇ ਆਧਾਰ 'ਤੇ 500 ਗ੍ਰਾਮ ਹੈਰੋਇਨ ਅਤੇ ਇਕ ਹੋਰ ਪਿਸਤੌਲ ਬਰਾਮਦ ਕੀਤਾ | ਉਪਰੰਤ ਬਾਜ ਮੁਹੰਮਦ, ਅੰਕੁਸ਼ ਬਰਥਵਾਲ ਅਤੇ ਦੇਸ ਰਾਜ ਨੂੰ ਗਿ੍ਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਤਿੰਨ ਪਿਸਤੌਲ, 535 ਗ੍ਰਾਮ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ | ਗਿ੍ਫ਼ਤਾਰ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਦੂਜੇ ਸਾਥੀ ਰਾਜਨਦੀਪ ਸਿੰਘ ਉਰਫ਼ ਰਾਜਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਜਾਂਚ ਤੋੋਂ ਇਹ ਵੀ ਪਤਾ ਲੱਗਾ ਕਿ ਅੰਕੁਸ਼ ਬਰਥਵਾਲ ਹਾਲ ਹੀ 'ਚ ਯੂਗਾਂਡਾ ਜਿੱਥੇ ਉਹ ਨੌਕਰੀ ਕਰ ਰਿਹਾ ਸੀ, ਤੋਂ ਭਾਰਤ ਵਾਪਸ ਆਇਆ ਸੀ | ਵਿਦੇਸ਼ ਵਿਚ ਉਸ ਦੇ ਇਕ ਸਹਿਕਰਮੀ ਨੇ ਉਸ ਨੂੰ ਬਾਜ਼ ਮੁਹੰਮਦ ਨਾਲ ਜਾਣੂ ਕਰਵਾਇਆ | ਇਸ ਮੌਕੇ ਡੀ.ਸੀ.ਪੀ. ਰਵਿੰਦਪਾਲ ਸਿੰਘ ਸੰਧੂ, ਏ.ਡੀ.ਸੀ.ਪੀ. ਜਗਬਿੰਦਰ ਸਿੰਘ, ਏ.ਸੀ.ਪੀ. ਹਰਮਿੰਦਰ ਸਿੰਘ ਤੇ ਇੰਸ: ਅਮੋਲਕਦੀਪ ਸਿੰਘ ਆਦਿ ਹਾਜ਼ਰ ਸਨ |