ਮਹਿਤਪੁਰ (ਜਲੰਧਰ), 5 ਜੂਨ (ਲਖਵਿੰਦਰ ਸਿੰਘ)-ਨਜ਼ਦੀਕੀ ਪਿੰਡ ਬਾਂਗੀਵਾਲ ਵਿਖੇ ਇਕ ਨੌਜਵਾਨ ਦੀ ਪੁਲਿਸ ਵਲੋਂ ਚਲਾਈ ਗੋਲੀ ਲੱਗਣ ਨਾਲ ਮੌਤ ਹੋ ਗਈ | ਜਿਸ ਸਬੰਧੀ ਮਿ੍ਤਕ ਦੇ ਚਾਚਾ ਛਿੰਦਾ ਸਿੰਘ ਨੇ ਦੱਸਿਆ ਕਿ ਮਹਿਤਪੁਰ ਪੁਲਿਸ ਕਿਸੇ ਮਾਮਲੇ ਵਿਚ ਨੌਜਵਾਨ ਨੂੰ ਗਿ੍ਫ਼ਤਾਰ ਕਰਨ ਆਈ ਸੀ ਤਾਂ ਉਸ ਸਮੇਂ ਨੌਜਵਾਨ ਬਾਥਰੂਮ 'ਚ ਸੀ, ਜਦੋਂ ਉਹ ਬਾਹਰ ਆਇਆ ਤਾਂ ਸਿਵਲ ਵਰਦੀ ਵਿਚ ਆਏ ਮੁਲਾਜ਼ਮ ਵਲੋਂ ਨੌਜਵਾਨ 'ਤੇ ਗੋਲੀ ਚਲਾ ਦਿੱਤੀ, ਜਿਸ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ਲਵਪ੍ਰੀਤ ਸਿੰਘ ਲੱਬੀ ਪੁੱਤਰ ਪਿੱਪਲ ਸਿੰਘ ਵਜੋਂ ਹੋਈ ਹੈ | ਜਦੋਂ ਇਸ ਸਬੰਧੀ ਡੀ.ਐਸ.ਪੀ. ਸ਼ਾਹਕੋਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਨੌਜਵਾਨ ਅਤੇ ਉਸ ਦੇ ਪਰਿਵਾਰ 'ਤੇ ਕਈ ਮਾਮਲੇ ਦਰਜ ਹਨ | ਜਦੋਂ ਪੁਲਿਸ ਨੇ ਉਸ ਦੇ ਘਰ ਛਾਪਾਮਾਰੀ ਕੀਤੀ ਤਾਂ ਦੋਸ਼ੀ ਪਰਿਵਾਰ ਵਲੋਂ ਪੁਲਿਸ 'ਤੇ ਹਮਲਾ ਕੀਤਾ ਗਿਆ ਅਤੇ ਪੁਲਿਸ ਵੱਲੋਂ ਆਪਣੇ ਬਚਾਅ ਲਈ ਗੋਲੀ ਚਲਾਈ ਗਈ ਜਿਸ 'ਚ ਮੁਲਜ਼ਮ ਲਵਪ੍ਰੀਤ ਜ਼ਖ਼ਮੀ ਹੋ ਗਿਆ | ਉਸ ਨੂੰ ਨਕੋਦਰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ |