ਚੰਡੀਗੜ੍ਹ, 8 ਜੂਨ (ਕਪਿਲ ਵਧਵਾ)ਪੰਜਾਬ ਵਿਜੀਲੈਂਸ ਬਿਊਰੋ ਨਾਲ ਜੁੜੇ 20 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਦੇ ਮਾਮਲੇ ਵਿਚ ਸੀ.ਬੀ.ਆਈ. ਅਦਾਲਤ ਨੂੰ ਡੀ. ਜੀ. ਪੀ. ਵਿਜੀਲੈਂਸ ਦੇ ਸਾਬਕਾ ਰੀਡਰ ਓਮ ਪ੍ਰਕਾਸ਼ ਸਿੰਘ (ਓ.ਪੀ.) ਰਾਣਾ, ਡਰਾਈਵਰ ਅੰਕਿਤ ਵਾਧਵਾ ਅਤੇ ਮਲੋਟ ਆਧਾਰਿਤ ਠੇਕੇਦਾਰ ਰਾਘਵ ਗੋਇਲ ਨੂੰ 12 ਜੂਨ ਤੱਕ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ | ਦੱਸ ਦਈਏ ਕਿ ਨਿਆਂਇਕ ਹਿਰਾਸਤ 'ਤੇ ਚੱਲ ਰਹੇ ਪਿਓ-ਪੁੱਤ ਦੀ ਜੋੜੀ ਵਿਚੋਂ ਵਿਕਾਸ ਗੋਇਲ ਤੋਂ ਇਲਾਵਾ ਰਾਘਵ ਗੋਇਲ ਅਤੇ ਡਰਾਈਵਰ ਅੰਕਿਤ ਵਧਵਾ ਨੂੰ ਪ੍ਰੋਡਸ਼ਕਨ ਵਾਰੰਟ 'ਤੇ ਪੇਸ਼ ਕੀਤੇ ਜਾਣ ਦੀ ਅਰਜ਼ੀ ਸੀ. ਬੀ. ਆਈ. ਵਲੋਂ 6 ਜੂਨ ਨੂੰ ਲਗਾਈ ਗਈ ਸੀ | ਜਿਸ ਤੋਂ ਬਾਅਦ ਅੱਜ ਦੋਨਾਂ ਨੂੰ ਪੇਸ਼ ਕੀਤਾ ਗਿਆ ਸੀ, ਇਸੇ ਮੌਕੇ ਰੀਡਰ ਓ. ਪੀ. ਰਾਣਾ ਨੂੰ 7 ਦਿਨਾਂ ਦਾ ਰਿਮਾਂਡ ਸਮਾਪਤ ਹੋਣ 'ਤੇ ਮੁੜ ਰਿਮਾਂਡ ਹਾਸਲ ਕਰਨ ਲਈ ਜਾਂਚ ਏਜੰਸੀ ਦੇ ਅਧਿਕਾਰੀਆਂ ਵਲੋਂ ਲਿਆਂਦਾ ਗਿਆ | ਸੁਣਵਾਈ ਮੌਕੇ ਸੀ.ਬੀ.ਆਈ. ਵਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਓਮ ਪ੍ਰਕਾਸ਼ ਸਿੰਘ ਰਾਣਾ ਦੀ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ | ਜਾਂਚ ਏਜੰਸੀ ਮੁਤਾਬਿਕ ਰਾਣਾ ਵਲੋਂ ਵਰਤਿਆ ਗਿਆ ਇਕ ਹੋਰ ਮੋਬਾਈਲ ਫ਼ੋਨ ਹਾਲੇ ਤੱਕ ਬਰਾਮਦ ਨਹੀਂ ਹੋਇਆ | ਸੀ. ਬੀ. ਆਈ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਰਾਣਾ ਦੀ ਪੁੱਛਗਿੱਛ ਦੌਰਾਨ ਮਿਲੇ ਨਵੇਂ ਤੱਥਾਂ ਤੋਂ ਅੰਕਿਤ ਵਾਧਵਾ ਅਤੇ ਰਾਘਵ ਗੋਇਲ ਦੀ ਭੂਮਿਕਾ ਬਾਰੇ ਵੀ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ | ਸੀ. ਬੀ. ਆਈ ਦੇ ਵਕੀਲ ਅਨਮੋਲ ਨਾਰੰਗ ਨੇ ਅਦਾਲਤ ਅੱਗੇ ਦਲੀਲ ਰੱਖੀ ਕਿ ਇਹ ਸਿਰਫ਼ ਟਰੈਪ ਕਾਰਵਾਈ ਦਾ ਮਾਮਲਾ ਨਹੀਂ, ਸਗੋਂ ਇਕ ਡੂੰਘੀ ਸਾਜ਼ਿਸ਼ ਦਾ ਕੇਸ ਹੈ | ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 4 ਦਿਨਾਂ ਲਈ ਸੀ. ਬੀ. ਆਈ. ਕੋਲ ਰਿਮਾਂਡ 'ਤੇ ਭੇਜ ਦਿੱਤਾ ਹੈ |